Punjab

ਡਾਕਟਰ ਬਣਨਾ ਚਾਹੁੰਦੀਆਂ ਹਨ ਪੰਜਾਬ ਦੀਆਂ ਟਾਪਰ ਕੁੜੀਆਂ,ਮੁੱਖ ਮੰਤਰੀ ਮਾਨ ਨੇ ਕੀਤਾ ਅੱਜ ਸਨਮਾਨਿਤ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੱਲ ਐਲਾਨੇ ਗਏ ਨਤੀਜਿਆਂ ਦੇ ਦੌਰਾਨ ਸੂਬੇ ਭਰ ਵਿੱਚ ਪਹਿਲਾ,ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁੱਖ ਮੰਤਰੀ ਪੰਜਾਬ ਨੇ ਸੀ ਐਮ ਹਾਊਸ ਬੁਲਾ ਕੇ ਸਨਮਾਨਿਤ ਕੀਤਾ ਹੈ ਤੇ ਕੀਤੇ ਗਏ ਐਲਾਨ ਦੇ ਮੁਤਾਬਕ ਇਹਨਾਂ ਨੂੰ 51 ਹਜਾਰ ਰੁਪਏ ਦੇ ਚੈਕ ਤੇ ਮੌਮੈਂਟੋ ਵੀ ਸਨਮਾਨ ਚਿੰਨ ਵਜੋਂ ਭੇਂਟ ਕੀਤੇ ਹਨ।

ਇਸ ਦੌਰਾਨ ਪੰਜਾਬ ਭਰ ਵਿੱਚੋਂ ਪਹਿਲੇ ਤਿੰਨ ਥਾਵਾਂ ‘ਤੇ ਰਹੀਆਂ ਸੀਨੀਅਰ ਸੈਕੰਡਰੀ ਸਕੂਲ ਕੰਨਿਆ,ਬੁਢਲਾਡਾ,ਮਾਨਸਾ ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ ਤੇ ਗੁਰਅੰਕਿਤ ਕੌਰ, ਗੁਰ ਨਾਨਕ ਸਕੂਲ ਬੱਸੀਆਂ,ਰਾਏਕੋਟ ਦੀ ਵਿਦਿਆਰਣ ਸਮਰਪ੍ਰੀਤ ਕੌਰ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ ਸਾਂਝੇ ਤੌਰ ਤੇ ਮੀਡੀਆ ਨਾਲ ਗੱਲਬਾਤ ਵੀ ਕੀਤੀ।

ਮੁੱਖ ਮੰਤਰੀ ਪੰਜਾਬ ਨੇ ਮੀਡੀਆ ਦੇ ਮੁਤਾਬਿਕ ਹੁੰਦੇ ਹੋਏ ਇਹ ਵੀ ਦੱਸਿਆ ਕਿ ਇਕੋ ਜਿਹੇ ਨੰਬਰ ਹੋਣ ਕਾਰਨ ਲਵਪ੍ਰੀਤ ਕੌਰ ਤੇ ਗੁਰਅੰਕਿਤ ਕੌਰ ਨੂੰ ਸਾਂਝੇ ਤੌਰ ਤੇ ਪਹਿਲੇ ਸਥਾਨ ਤੇ ਸਮਰਪ੍ਰੀਤ ਕੌਰ,ਸਰਕਾਰੀ ਮਿਡਲ ਸਕੂਲ ਜੀਵਨ ਨਗਰ ਫਰੀਦਕੋਟ ਦੇ ਵਿਦਿਆਰਥੀ ਰਕਸ਼ਮ,ਗਲੋਰੀਅਸ ਹਾਰਟ ਪਬਲਿਕ ਸਕੂਲ ਮੋਗਾ ਦੇ ਵਿਦਿਆਰਥੀ ਨਿਰਵੈਰ ਸਿੰਘ (598/600 ਨੰਬਰ) ਸਾਂਝੇ ਤੌਰ ‘ਤੇ ਦੂਜੇ ਨੰਬਰ ਅਤੇ ਤਿੰਨ ਹੋਰ ਵਿਦਿਆਰਥੀਆਂ ਨੂੰ (597/600 ਨੰਬਰ) ਲੈਣ ਕਰਕੇ ਤੀਜੇ ਸਥਾਨ ‘ਤੇ ਆਏ ਹੋਏ ਘੋਸ਼ਿਤ ਕੀਤਾ ਹੈ।

ਮਾਨ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਲਈ ਇਹ ਮਾਣ ਦੀ ਗੱਲ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆਉਣ ਮਗਰੋਂ ਹੁਣ ਇਹਨਾਂ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵੀ ਵਧਿਆ ਹੈ। ਆ ਰਹੇ ਨਤੀਜਿਆਂ ਵਿੱਚ ਕੁੜੀਆਂ ਦੇ ਅੱਗੇ ਹੋਣ ਦੇ ਕਾਰਨ ਪੰਜਾਬ ਦੇ ਸਿਰ ਤੇ ਲੱਗਾ ਕੁੜੀਆਂ ਨੂੰ ਕੁੱਖ ਵਿੱਚ ਹੀ ਕਤਲ ਕਰਾਉਣ ਦਾ ਕਲੰਕ ਵੀ ਮਿਟਿਆ ਹੈ।

ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਵਾਲੀਆਂ ਤਿੰਨਾਂ ਵਿਦਿਆਰਥਣਾਂ ਨੇ ਖੁਸ਼ੀ ਪ੍ਰਗਟਾਈ ਹੈ ਤੇ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਂ-ਬਾਪ,ਪਰਿਵਾਰ ਤੇ ਅਧਿਆਪਕਾਂ ਨੂੰ ਦਿੱਤਾ ਹੈ। ਵਿਦਿਆਰਥਣ ਲਵਪ੍ਰੀਤ ਕੌਰ, ਗੁਰਅੰਕਿਤ ਕੌਰ ਤੇ ਸਮਰਪ੍ਰੀਤ ਕੌਰ ਨੇ ਡਾਕਟਰ ਬਣਨ ਦੀ ਇੱਛਾ ਜ਼ਾਹਿਰ ਕੀਤੀ ਹੈ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੋਰਡ ਦੀਆਂ ਜਮਾਤਾਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਲਈ ਨਕਦ ਇਨਾਮ ਦੀ ਪਾਲਿਸੀ ਦਾ ਐਲਾਨ ਵੀ ਕੀਤਾ ਜਾਵੇਗਾ।