ਚੰਡੀਗੜ੍ਹ : ਹੁੰਮ੍ਹਸ ਅਤੇ ਗਰਮੀ ਤੋਂ ਬਾਅਦ ਹੁਣ ਪੰਜਾਬ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋ ਗਿਆ ਹੈ। ਅੱਜ ਸਵੇਰੇ ਤੋਂ ਹੀ ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਮੀਂਹ ਪੈਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਪਰ ਇਸ ਦੇ ਨਾਲ ਹੀ ਹੁਣ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਵੀ ਜਾਰੀ ਹੋਈ ਹੈ।
ਚੰਡੀਗੜ੍ਹ ਮੌਸਮ ਕੇਂਦਰ ਵੱਲੋਂ 6 ਜੁਲਾਈ ਨੂੰ ਸੂਬੇ ਦੇ ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਹੋਇਆ ਹੈ। ਇੰਨਾ ਹੀ ਨਹੀਂ ਇੱਥੇ 75 ਫ਼ੀਸਦੀ ਤੋਂ ਵੱਧ ਖੇਤਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜਦਕਿ ਇਸ ਦਿਨ ਮਾਝਾ ਅਤੇ ਪੱਛਮੀ ਮਾਲਵਾ ਵਿੱਚ 50 ਤੋਂ ਲੈ ਕੇ 75 ਫ਼ੀਸਦੀ ਹਿੱਸੇ ਤੱਕ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। ਇਸ ਤਰ੍ਹਾਂ ਸੱਤ ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਹੋਇਆ ਹੈ। ਜਦਕਿ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਹਲਕਾ ਅਤੇ ਦਰਮਿਆਨਾ ਮੀਂਹ ਰਹੇਗਾ। ਅੱਠ ਜੁਲਾਈ ਨੂੰ ਦੋਆਬਾ ਅਤੇ ਪੂਰਬੀ ਮਾਲਵਾ ਲਈ ਯੈਲੋ ਅਲਰਟ ਜਾਰੀ ਹੋਇਆ ਹੈ। ਇੱਥੇ 75 ਫ਼ੀਸਦੀ ਤੋਂ ਵੱਧ ਖੇਤਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜਦਕਿ ਇਸ ਦਿਨ ਮਾਝਾ ਵਿੱਚ ਜ਼ਿਆਦਾ ਹਿੱਸਿਆ ਵਿੱਚ ਅਤੇ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਮੀਂਹ ਪਵੇਗਾ।
ਮੌਸਮ ਵਿਭਾਗ ਮੁਤਾਬਕ ਕੱਲ੍ਹ ਨੂੰ ਮਾਝਾ ਦੇ ਜ਼ਿਆਦਾ ਹਿੱਸੇ ਵਿੱਚ ਅਤੇ ਦੋਆਬਾ ਦੇ ਕੁੱਝ ਭਾਗ ਵਿੱਚ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। ਇਸੇ ਦਿਨ ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਕਿਤੇ ਕਿਤੇ ਹਲਕਾ ਮੀਂਹ ਰਹੇਗਾ। ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਕਿਤੇ ਕਿਤੇ ਗਰਜ ਚਮਕ ਦਾ ਮੌਸਮ ਬਣਿਆ ਰਹੇਗਾ।
ਮੌਸਮ ਵਿਭਾਗ ਮੁਤਾਬਕ ਕੱਲ੍ਹ ਸਮਰਾਲਾ ਵਿਖੇ ਸਭ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਅੱਜ ਬਲਾਚੌਰ ਵਿਖੇ ਸਭ ਤੋਂ ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।