Punjab

ਜਲਦੀ ਕੀਤਾ ਜਾਵੇਗਾ ਬਹਿਬਲ ਕਲਾਂ ਮਾਮਲੇ ਵਿੱਚ ਚਲਾਨ ਪੇਸ਼,ਕੈਬਨਿਟ ਮੰਤਰੀ ਨੇ ਕੀਤਾ ਦਾਅਵਾ

ਬਹਿਬਲ ਕਲਾਂ : ਕੋਟਕਪੂਰਾ ਮਾਮਲੇ ਵਿੱਚ ਐਸਆਈਟੀ ਵੱਲੋਂ ਹਾਈ ਕੋਰਟ ਵਿੱਚ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਵੱਲੋਂ ਬਹਿਬਲ ਕਲਾਂ ਵਿੱਖੇ ਧਰਨੇ ਵਾਲੀ ਥਾਂ  ‘ਤੇ ਸ਼ੁਕਰਾਨੇ ਵਜੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਹਨ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਦੱਸਦਿਆਂ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ ਸਿੱਖ ਸਾਰੀ ਜਿੰਦਗੀ ਬਿਤਾਉਂਦਾ ਹੈ  ਤੇ ਆਪਣੇ ਦੁੱਖ -ਸੁੱਖ ਵੇਲੇ ਅਗਵਾਈ ਲੈਂਦਾ ਹੈ ਪਰ ਪੰਜਾਬ ਵਰਗੀ ਧਰਤੀ ਤੇ ਗੁਰੂ ਸਾਹਿਬ ਦਾ ਅਪਮਾਨ ਹੋਇਆ ਹੈ ਪਰ ਇਸ ਵਿੱਚ ਸ਼ਾਮਲ ਅਨਸਰ ਚਾਹੇ ਇਹਨਾਂ ਅਦਾਲਤਾਂ ਵਿੱਚੋਂ ਬਰੀ ਹੋ ਜਾਣ ਪਰ ਉਸ ਪ੍ਰਮਾਤਮਾ ਦੀ ਅਦਾਲਤ ਵਿੱਚ ਬਰੀ ਨਹੀਂ ਹੋ ਸਕਦੇ।

ਧਾਲੀਵਾਲ ਨੇ ਕਿਹਾ ਕਿ ਗੁਰੂ ਘਰ ਦੇ ਦੋਖੀਆਂ ਦਾ ਹਸ਼ਰ ਸਰਿਆਂ ਨੇ ਦੇਖਿਆ ਹੈ। ਇਨਸਾਫ਼ ਲਈ ਸੰਗਤ ਨੇ ਬਹੁਤ ਵੱਡੀ ਲੜਾਈ ਲੜੀ ਹੈ। ਗੁਰੂ ਸਾਹਿਬ ਤੋਂ ਹਰ ਚੀਜ ਵਾਰੀ ਜਾ ਸਕਦੀ ਹੈ ਪਰ ਕੀ ਫਾਇਦਾ ਇਸ ਤਰਾਂ ਦੀਆਂ ਸਰਕਾਰਾਂ ਤੇ ਉਹਨਾਂ ਦ ਮੰਤਰੀਆਂ ਦਾ,ਜਿਹਨਾਂ ਤੋਂ ਆਪਣੇ ਗੁਰੂ ਸਾਹਿਬ ਨੂੰ ਹੀ ਸਾਂਭਿਆ ਨਹੀਂ ਗਿਆ। ਕੋਟਕਪੂਰਾ ਐਸਆਈਟੀ ਵੱਲੋਂ ਕੀਤੀ ਕਾਰਵਾਈ ‘ਤੇ ਧਾਲੀਵਾਲ ਨੇ ਤਸੱਲੀ ਪ੍ਰਗਟਾਈ ਤੇ ਆਪਣੀ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਹੋਈ ਪਿਛਲੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਰਾਹ ਖੁਲਵਾਉਣ ਲਈ ਬੇਨਤੀ ਕਰਨ ਉਹ ਇਥੇ ਆਏ ਸੀ ਤਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਇਨਸਾਫ਼ ਜ਼ਰੂਰ ਹੋਵੇਗਾ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤੇ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਜੁਆਬ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਅਕਾਲੀ ਦਲ ਆਗੂਆਂ ਤੇ ਦੋਸ਼ ਲਗਵਾਏ ਹਨ ਪਰ ਇਹ ਸਭ ਗੁਰੂ ਦੀ ਖੇਡ ਹੈ ਤੇ ਦੋਸ਼ੀਆਂ ਦਾ ਤਾਂ ਹਾਲੇ ਹੋਰ ਮਾੜਾ ਹਾਲ ਹੋਣਾ ਹੈ। ਸਾਰੇ ਸਜ਼ਾ ਭੁਗਤਣ ਲਈ ਤਿਆਰ ਰਹਿਣ। ਸਮਾਂ ਜਰੂਰ ਲਗਾ ਹੈ ਪਰ ਸਾਰੀਆਂ ਉਲਝਣਾਂ ਦੇ ਬਾਵਜੂਦ ਹੁਣ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਇਨਸਾਫ਼ ਲਈ ਲੜੇਗੀ।ਮੁੱਖ ਮੰਤਰੀ ਮਾਨ ਨੇ ਇਹ ਭਰੋਸਾ ਦਿਵਾਇਆ ਹੈ ਕਿ ਚਾਹੇ ਕਿਸੇ ਵੀ ਤਰਾਂ ਦੀ ਮਦਦ ਕਰਨੀ ਪਵੇ ਜਾ ਵੱਡੇ ਵਕੀਲ ਕਿਉਂ ਨਾ ਕਰਨੇ ਪੈਣ ਪਰ ਪੰਜਾਬ ਸਰਕਾਰ ਹੁਣ ਸੰਗਤ ਨਾਲ ਖੜੀ ਹੈ ਤੇ ਇਨਸਾਫ਼ ਵੀ ਜਰੂਰ ਹੋਵੇਗਾ।

ਮੰਤਰੀ ਧਾਲੀਵਾਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਹਿਬਲ ਕਲਾਂ ਮਾਮਲੇ ਵਿੱਚ ਵੀ ਚਲਾਨ ਜਲਦੀ ਹੀ ਪੇਸ਼ ਕਰ ਦਿੱਤਾ ਜਾਵੇਗਾ। ਸਰਕਾਰ ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਦੁਆਵੇਗੀ। ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਹਰ ਤਰਾਂ ਨਾਲ ਸੰਗਤ ਦੇ ਨਾਲ ਖੜੀ ਹੈ।

ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ ਹੈ,ਜਿਸ ਵਿੱਚ ਉਹਨਾਂ ਕਿਹਾ ਹੈ ਕਿ ਕੈਬਨਿਟ ਮੰਤਰੀ ਧਾਲੀਵਾਲ ਨੇ ਚਲਾਨ ਵਿੱਚ ਉਸ ਦਾ ਨਾਂ ਪੁਆਇਆ ਹੈ। ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਉਹ ਹਰ ਤਰਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ ਪਰ ਬਾਦਲ ਪਹਿਲਾਂ ਆਪਣੀ ਗੱਲ ਸਾਬਤ ਕਰੇ।

ਅਜਨਾਲਾ ਘਟਨਾ ਬਾਰੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਉਥੇ ਸੂਝ-ਬੂਝ ਨਾਲ ਕੰਮ ਲਿਆ ਤੇ ਮੁੱਖ ਮੰਤਰੀ ਪੰਜਾਬ ਨੇ ਇਹ ਸੂਚਨਾ ਮਿਲਦੇ ਹੀ ਡੀਜੀਪੀ ਨੂੰ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਥੇ ਹਾਜਰ ਹਨ ,ਇਸ ਲਈ ਪੁਲਿਸ ਕੋਈ ਵੀ ਕਦਮ ਨਾ ਚੁੱਕੇ। ਇਸ ਤਰਾਂ ਨਾਲ ਉਹਨਾਂ ਨੇ ਪੰਜਾਬ ਦਾ ਮਾਹੌਲ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ।

ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਤੇ ਸੰਗਤ ਨਾਲ ਆਪਣ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸੀ ਨਿਵਾਉਂਦੇ ਹੋਏ ਸੰਧਵਾਂ ਨੇ ਕਿਹਾ ਕਿ  ਸੰਗਤ ਦੀ ਹਾਜ਼ਰੀ ਵਿੱਚ ਪਦਵੀਆਂ ਪਿਛੇ ਰਹਿ ਜਾਂਦੀਆਂ ਹਨ ਤੇ ਮੈਂ ਇਥੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਹਾਜ਼ਰ ਹੋਇਆ ਹਾਂ।

ਗੁਰੂ ਨੇ ਕਿਰਪਾ ਕੀਤੀ ਹੈ ਤੇ ਸੰਗਤ ਦੀ ਅਰਦਾਸ ਸੁਣੀ ਹੈ। ਦਾਸ ਨੂੰ ਆਪਣਾ ਬਚਨ ਨਿਭਾਉਣ ਦਾ ਮੌਕਾ ਦਿੱਤਾ ਹੈ।

ਸੰਧਵਾਂ ਨੇ ਇਹ ਵੀ ਵਚਨਬੱਧਤਾ ਦੁਹਰਾਈ ਕਿ ਹੁਣ ਤੱਕ ਜਿਥੇ ਲੋੜ ਪਈ ਹੈ,ਉਥੇ ਸਹਿਯੋਗ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਾਂਗੇ। ਗੁਰੂਘਰ ਦੇ ਦੋਖੀ ਇਸ ਜਹਾਨ ਵਿੱਚ ਵੀ ਸਜ਼ਾ ਪਾਉਣਗੇ ਤੇ ਉਸ ਜਹਾਨ ਵੀ ਉਹਨਾਂ ਨੂੰ ਢੋਈ ਨਹੀਂ ਮਿਲੇਗੀ।

ਸੰਧਵਾਂ ਨੇ ਮੋਰਚੇ ਬਾਰੇ ਵੀ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਇਸ ਸੰਘਰਸ਼ ਦੇ ਦੌਰਾਨ ਬਹੁਤ ਸਾਰੀਆਂ ਤੁਹਮਤਾਂ ਵੀ ਲੱਗੀਆਂ ਪਰ ਅੰਤ ਗੁਰੂ ਸਹਾਈ ਹੋਇਆ ਹੈ।