Punjab

ਕੇਂਦਰ ਤੇ ਪੰਜਾਬ ਸਰਕਾਰ ਰਾਜਨੀਤੀ ਬੰਦ ਕਰਕੇ ਕਿਸਾਨ ਭਾਈਚਾਰੇ ਦੀ ਲਵੇ ਸਾਰ – ਚੀਮਾ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਾਜਨੀਤੀ ਬੰਦ ਕਰਕੇ ਆਪਸ ਵਿੱਚ ਕਿਸਾਨ ਭਾਈਚਾਰੇ ਦਾ ਵਿਸ਼ਵਾਸ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਕਿਹਾ ਕਿ, “ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਕਿਸਾਨੀ ਦਾ ਸੰਕਟ ਸਿਖਰਾਂ ‘ਤੇ ਪਹੁੰਚ ਚੁੱਕਾ ਹੈ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਾਰਨ ਉਹਨਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ, ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ, ਦੋਵੇਂ ਹੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਤਾਂ ਹਰ ਰੋਜ਼ ਮਾਨੀਟਰ ਕਰ ਰਹੀ ਹੈ, ਪਰ ਕੇਂਦਰ ਅਤੇ ਸੂਬਾ ਸਰਕਾਰਾਂ ਸਿਰਫ ਕਾਨੂੰਨੀ ਫਾਰਮੈਲਿਟੀ ਕਰਦਿਆਂ ਆਪਣੀ ਚਮੜੀ ਬਚਾਉਣ ਲੱਗੀਆਂ ਹੋਈਆਂ ਹਨ। ਕੇਂਦਰ ਨੇ MSP ਗਾਰੰਟੀ ਕਾਨੂੰਨ ਨੂੰ ਨੋਟੀਫਾਈ ਕਰਨ ਵਰਗਾ ਕੋਈ ਅਜਿਹਾ ਫੈਸਲਾ ਨਹੀਂ ਲਿਆ ਜਿਸ ਨਾਲ ਕਿਸਾਨੀ ਦਾ ਟੁੱਟ ਚੁੱਕਿਆ ਭਰੋਸਾ ਦੁਬਾਰਾ ਹਾਸਲ ਕੀਤਾ ਜਾ ਸਕੇ। ਇਸੇ ਤਰਾਂ ਹੀ ਨਾ ਕੋਈ ਸੂਬੇ ਦੀ ਸਰਕਾਰ ਨੇ ਕਦਮ ਚੁੱਕਿਆ ਤਾਂ ਜੋ ਪੰਜਾਬ ਦੇ ਮੌਜੂਦਾ ਖਤਰਨਾਕ ਹਾਲਾਤ ਸੁਧਰ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਬੈਠ ਕੇ ਇਸ ਗੱਲ ਦੀ ਗੰਭੀਰਤਾ ਨੂੰ ਪੇਸ਼ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਸਗੋਂ ਕਿਸਾਨੀ ਤੇ ਕੇਂਦਰ ਦੇ ਖਰਾਬ ਹੋਏ ਆਪਸੀ ਸੰਬੰਧਾਂ ਨੂੰ ਪਿਛਲੇ ਦਰਵਾਜ਼ਿਆਂ ਰਾਹੀਂ ਨਵੀਆਂ ਖੇਤੀ ਨੀਤੀਆਂ ਲਾਗੂ ਕਰਨ ਦੀਆਂ ਅਸਿੱਧੀਆਂ ਕੋਸ਼ਿਸ਼ਾਂ ਕਰਕੇ ਹੋਰ ਭੜਕਾਇਆ ਜਾ ਰਿਹਾ ਹੈ। ਇਹ ਸਭ ਬੰਦ ਕਰਕੇ ਉਸਾਰੂ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਪੰਜਾਬ ਦੇ ਅਤੇ ਕਿਸਾਨੀ ਦੇ ਹਾਲਾਤ ਸੁਧਰ ਜਾਣ।

ਇਹ ਵੀ ਪੜ੍ਹੋ – ਜੇਕਰ ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਸਥਿਤੀ ਨੂੰ ਸੰਭਾਲ ਨਹੀਂ ਸਕੇਗੀ