ਗੋਇੰਦਵਾਲ ਜੇਲ੍ਹ ਵਿੱਚ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ 5 ਪੁਲਿਸ ਅਧਿਕਾਰੀ ਅੱਜ ਜ਼ਮਾਨਤ ‘ਤੇ ਬਾਹਰ ਆ ਗਏ ਹਨ।ਹਾਲੇ ਕਲ ਸ਼ਾਮ ਇਹ ਖ਼ਬਰ ਸੁਰਖੀਆਂ ਵਿੱਚ ਸੀ ਕਿ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਦੇ 7 ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਹੈ ਪਰ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਖਡੂਰ ਸਾਹਿਬ ਅਦਾਲਤ ਨੇ ਗ੍ਰਿਫਤਾਰ ਕੀਤੇ ਪੰਜ ਪੁਲਿਸ ਅਧਿਕਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਕਾਫੀ ਬਹਿਸ ਹੋਈ ਤੇ ਆਖਿਰਕਾਰ ਇਹਨਾਂ ਪੰਜਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ।ਇਹਨਾਂ ਵਿੱਚ ਜੇਲ ਸੁਪਰੀਡੈਂਟ ਇਕਬਾਲ ਸਿੰਘ ਬਰਾੜ ਸਣੇ ਵਿਜੇ ਕੁਮਾਰ,ਹਰੀਸ਼ ਕੁਮਾਰ,ਹਰਚਰਨ ਸਿੰਘ ਤੇ ਗੁਰਵਿੰਦਰ ਸਿੰਘ ਦੇ ਨਾਂ ਸ਼ਾਮਿਲ ਹਨ।
ਕੱਲ ਪੰਜਾਬ ਸਰਕਾਰ ਨੇ ਜੇਲ੍ਹ ਚੋਂ ਵਾਇਰਲ ਹੋਈ ਵੀਡੀਓ ਤੋਂ ਬਾਅਦ ਸਖ਼ਤ ਐਕਸ਼ਨ ਲਿਆ ਸੀ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ 7 ਜੇਲ੍ਹ ਅਫਸਰ ਤੇ ਕਈ ਗੈਂਗਸਟਰ ਵੀ ਨਾਮਜ਼ਦ ਹੋਏ ਸਨ। ਨਾਮਜ਼ਦ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਤੇ ਜੇਲ੍ਹ ਸੁਪਰੀਡੈਂਟ ਇਕਬਾਲ ਸਿੰਘ ਬਰਾੜ ਸਣੇ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਕੱਲ ਹੀ ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਲਾਸ਼ਾਂ ਕੋਲ ਖੜ੍ਹ ਕੇ ਗੈਂਗਸਟਰ ਜਸ਼ਨ ਮਨਾ ਰਹੇ ਹਨ ਅਤੇ ਜੱਗੂ ਭਗਵਾਨਪੁਰੀਆ ਨੂੰ ਸ਼ਰੇਆਮ ਲਲਕਾਰਿਆ ਜਾ ਰਿਹਾ ਹੈ।ਇਸ ਵੀਡੀਓ ਵਿੱਚ ਗੈਂਗਸਟਰਾਂ ਵੱਲੋਂ ਇਹਨਾਂ ਦੋਵਾਂ ਦੇ ਕਤਲ ਦੀ ਜਿੰਮੇਵਾਰੀ ਲਈ ਗਈ ਸੀ।