‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤ ਵਿੱਚ ਸੰਪਾਦਕਾਂ ਦੀ ਸੰਸਥਾਂ ਐਡੀਟਰਸ ਗਿਲਡ ਆਫ ਇੰਡੀਆ ਨੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੌਰਾਨ ਮਾਰੇ ਗਏ ਪੱਤਰਕਾਰ ਰਮਨ ਕਸ਼ਿਅਪ ਨੂੰ ਲੈ ਕੇ ਦੁੱਖ ਜਾਹਿਰ ਕੀਤਾ ਹੈ। ਇਸਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕੋਰਟ ਦੀ ਅਗੁਵਾਈ ਵਿਸ਼ੇਸ਼ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਕ ਲਿਖਤੀ ਬਿਆਨ ਵਿੱਚ ਗਿਲਡ ਨੇ ਕਿਹਾ ਹੈ ਕਿ ਐਡੀਟਰਸ ਗਿਲਡ ਰਮਨ ਕਸ਼ਿਅਪ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ। ਉਹ ਇਕ ਟੀਵੀ ਪੱਤਰਕਾਰ ਸੀ, ਜੋ ਤਿੰਨ ਅਕਤੂਬਰ ਨੂੰ ਲਖੀਮਪੁਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਸਨ। ਉਹ ਉਨ੍ਹਾਂ ਅੱਠ ਲੋਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਗੱਡੀ ਨਾਲ ਦਰੜਨ ਕਾਰਨ ਮੌਤ ਹੋਈ ਹੈ। ਕਥਿਤ ਤੌਰ ਉੱਤੇ ਇਹ ਹਿੰਸਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਤੇ ਉਨ੍ਹਾਂ ਦੇ ਮੁੰਡੇ ਦੇ ਇਸ਼ਾਰੇ ਉੱਤੇ ਕੀਤੀ ਗਈ ਹੈ।
ਗਿਲਡ ਨੇ ਕਿਹਾ ਹੈ ਕਿ ਕਸ਼ਿਅਪ ਦੀ ਮੌਤ ਨੂੰ ਲੈ ਕੇ ਕਈ ਤੱਥ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਇਕ ਹੈ ਕਿ ਉਨ੍ਹਾਂ ਦੀ ਮੌਤ ਗੋਲੀ ਲੱਗਣ ਕਾਰਣ ਹੋਈ ਹੈ। ਇਕ ਗੱਲ ਸਾਫ ਹੈ ਕਿ ਕਸ਼ਿਅਪ ਉਸ ਦਿਨ ਪ੍ਰਦਰਸ਼ਨ ਦੀ ਕਵਰੇਜ ਲਈ ਉੱਥੇ ਮੌਜੂਦ ਸਨ, ਜਦੋਂ ਮੰਤਰੀ ਦੇ ਕਾਫਿਲੇ ਦੀਆਂ ਗੱਡੀਆਂ ਨੇ ਲੋਕਾਂ ਨੂੰ ਦਰੜ ਦਿੱਤਾ। ਇਸ ਵਿੱਚ ਕੁੱਝ ਕਿਸਾਨ ਤੇ ਹੋਰ ਲੋਕ ਮਾਰੇ ਗਏ ਸਨ। ਇਸਦੀ ਇਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਕਸ਼ਿਅਪ ਦੀ ਮੌਤ ਕਿਵੇਂ ਹੋਈ, ਇਸਦਾ ਪਤਾ ਲੱਗ ਸਕੇ।
ਐਡੀਟਰ ਗਿਲਡ ਨੇ ਇਹ ਮੰਗ ਕੀਤੀ ਹੈ ਕਿ ਕਸ਼ਿਅਪ ਦੀ ਮੌਤ ਦੇ ਮਾਮਲੇ ਵਿਚ ਕੋਰਟ ਦੀ ਨਿਗਰਾਨੀ ਵਿੱਚ ਇਕ ਵਿਸ਼ੇਸ਼ ਜਾਂਚ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਦੇ ਕੈਮਰੇ ਤੋਂ ਲਈ ਗਈ ਫੁਟੇਜ ਨੂੰ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਜੋ ਕਸ਼ਿਅਪ ਦੇ ਮੌਤ ਦੇ ਕਾਰਣ ਸਪਸ਼ਟ ਹੋ ਜਾਣ।