ਰੋਹਤਕ ਜ਼ਿਲ੍ਹਾ ਵੀ ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ। ਬੁੱਧਵਾਰ ਰਾਤ ਨੂੰ ਹੀ ਜ਼ਿਲ੍ਹੇ ਦਾ ਮਾਹੌਲ ਬਦਲ ਗਿਆ ਅਤੇ ਅਸਮਾਨ ਵਿੱਚ ਧੂੰਏਂ ਦੀ ਚਾਦਰ ਫੈਲ ਗਈ, ਜਿਸ ਤੋਂ ਬਾਅਦ ਹਵਾ ਪ੍ਰਦੂਸ਼ਣ 303 ਤੱਕ ਪਹੁੰਚ ਗਿਆ ਹੈ।
ਰੋਹਤਕ ਜ਼ਿਲ੍ਹੇ ਦਾ ਮਾਹੌਲ ਅਚਾਨਕ ਬਦਲ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਹੀ ਜ਼ਿਲ੍ਹੇ ਵਿੱਚ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਦੀਵਾਲੀ ਦੇ ਤਿਉਹਾਰ ‘ਤੇ ਲੋਕ ਜ਼ੋਰਦਾਰ ਢੰਗ ਨਾਲ ਪਟਾਕੇ ਚਲਾਉਂਦੇ ਹਨ, ਜਿਸ ਕਾਰਨ ਪ੍ਰਦੂਸ਼ਣ ਫੈਲਿਆ ਹੈ। ਹਾਲਾਂਕਿ, ਕੁਝ ਲੋਕ ਪਰਾਲੀ ਸਾੜਨ ਨੂੰ ਪ੍ਰਦੂਸ਼ਣ ਦਾ ਕਾਰਨ ਵੀ ਦੱਸ ਰਹੇ ਹਨ, ਪਰ ਅਜੇ ਤੱਕ ਜ਼ਿਲ੍ਹੇ ‘ਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸਥਾਨਕ ਵਾਸੀ ਗੁਲਾਬ ਅਤੇ ਰਾਮਮੇਹਰ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਘਰੋਂ ਬਾਹਰ ਨਿਕਲੇ ਤਾਂ ਧੂੰਆਂ ਹੀ ਧੂੰਆਂ ਦਿਖਾਈ ਦਿੱਤਾ, ਅਚਾਨਕ ਅੱਖਾਂ ‘ਚ ਜਲਨ ਹੋਣ ਲੱਗੀ ਅਤੇ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪ੍ਰਦੂਸ਼ਣ ਦੀਵਾਲੀ ਦੇ ਪਟਾਕਿਆਂ ਕਾਰਨ ਫੈਲਿਆ ਹੈ ਅਤੇ ਕੁਝ ਕਿਸਾਨ ਪਰਾਲੀ ਸਾੜ ਰਹੇ ਹਨ, ਜਿਸ ਕਾਰਨ ਸ਼ਹਿਰ ਦਾ ਮਾਹੌਲ ਖ਼ਰਾਬ ਹੋ ਗਿਆ ਹੈ।
ਰੋਹਤਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਯਸ਼ਪਾਲ ਯਾਦਵ ਨੇ ਕਿਹਾ ਕਿ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਹਰ ਰੋਜ਼ ਜ਼ਿਲ੍ਹੇ ਨੂੰ ਰਿਪੋਰਟ ਕਰਦਾ ਹੈ, ਪਰ ਹੁਣ ਤੱਕ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਹਾਲਾਂਕਿ ਉਨ੍ਹਾਂ ਨੇ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਕੋਈ ਵੀ ਕਿਸਾਨ ਆਪਣੀ ਪਰਾਲੀ ਨੂੰ ਅੱਗ ਨਾ ਲਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਭੇਜੀ ਗਈ ਹੈ ਅਤੇ ਸੈਟੇਲਾਈਟ ਰਾਹੀਂ ਕਿਸਾਨਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਸਰਕਾਰ ਨੇ ਸਾਂਝੀ ਕੀਤੀ ਸੈਟੇਲਾਈਟ ਤਸਵੀਰ
ਹਰਿਆਣਾ ਸਰਕਾਰ ਨੇ ਇੱਕ ਸੈਟੇਲਾਈਟ ਤਸਵੀਰ ਵੀ ਸਾਂਝੀ ਕੀਤ ਹੈ। ਇਸ ਤਸਵੀਰ ਵਿੱਚ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਵਿੱਚ ਪਰਾਲੀ ਸਾੜਨ ਦੇ ਹਾਲਾਤ ਦਿਖਾਈ ਦਿੱਤੇ। ਤਸਵੀਰ ਵਿੱਚ ਹਰਿਆਣਾ ਤੋਂ ਕਈ ਗੁਣਾ ਪੰਜਾਬ ਵਿੱਚ ਪਰਾਲੀ ਸਾੜੇ ਜਾਣ ਦੇ ਹਾਲਾਤ ਦਿਸੇ।