India Punjab

ਹਿਮਾਚਲ ‘ਚ ਸਪੈਨਿਸ਼ ਜੋੜੇ ‘ਤੇ ਕੁੱਟਮਾਰ ਦਾ ਮਾਮਲਾ, ਸਾਬਕਾ ਸੀਐਮ ਚੰਨੀ ਨੇ ਮੁੱਖ ਮੰਤਰੀ ਸੁੱਖੂ ਨਾਲ ਕੀਤੀ ਗੱਲਬਾਤ

ਮੁਹਾਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਸਪੈਨਿਸ਼ ਕਲਪ ‘ਤੇ ਹੋਏ ਹਮਲੇ ‘ਤੇ ਰੋਸ ਜਤਾਇਆ ਹੈ। ਇਸ ਸਬੰਧੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ।

ਸੁੱਖੂ ਨੇ ਚੰਨੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਰਹੇ ਹਨ। ਗ੍ਰਿਫਤਾਰੀ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚੰਨੀ ਨੇ ਕਿਹਾ- ਉਕਤ ਹਮਲੇ ਰਾਹੀਂ ਪੰਜਾਬ ਅਤੇ ਹਿਮਾਚਲ ‘ਚ ਰਹਿੰਦੇ ਭਰਾਵਾਂ ‘ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਦੱਸ ਦਈਏ ਕਿ ਬੀਤੇ ਦਿਨੀਂ ਪਹਾੜਾਂ ਦੀ ਸੈਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀਆਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਦੱਸ ਦਈਏ ਅੰਮ੍ਰਿਤਸਰ ਦਾ ਪੀੜਤ ਪਰਿਵਾਰ ਸਪੇਨ ਵਿਚ ਰਹਿੰਦਾ ਜੋ ਕਿ ਘੁੰਮਣ ਲਈ ਹਿਮਾਚਲ ਆਇਆ ਹੋਇਆ ਸੀ।

ਜ਼ਖ਼ਮੀ ਦੇ ਭਰਾ ਜੋਬਨਦੀਪ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ 6 ਦੋਸਤ ਇੱਕ ਢਾਬੇ ‘ਤੇ ਬੈਠੇ ਸਨ। ਜੋਬਨਦੀਪ ਨੇ ਦੱਸਿਆ  ਸੀ ਕਿ ਉਸਨੇ ਆਪਣੇ ਦੋਸਤਾਂ ਨੂੰ ਹੱਥ ਦਿਖਾਉਣ ਲਈ ਕਿਹਾ। ਜਿਸ ਤੋਂ ਬਾਅਦ ਆਪਣੇ ਆਪ ਨੂੰ ਉਸ ਥਾਂ ਦਾ ਪ੍ਰਧਾਨ ਦੱਸਣ ਵਾਲੇ ਇੱਕ ਵਿਅਕਤੀ ਨੇ ਆ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪੰਜਾਬੀਆਂ ਦਾ ਨਾਮ ਲੈ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਸ ਵਿਅਕਤੀ ਨੇ ਅਣਗਿਣਤ ਬੰਦੇ ਬੁਲਾ ਲਏ ਜਿਨ੍ਹਾਂ ਨੇ ਐ ਕੇ NIR ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀਆਂ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਹੈ।  ਇਸਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ।

ਇਸ ਦੌਰਾਨ NRI ਮਹਿਲਾ ਨੇ ਦੱਸਿਆ ਸੀ ਕਿ ਉਹ ਤੇ ਉਸ ਦਾ ਪਤੀ ਅਤੇ ਉਸ ਦਾ ਦਿਓਰ ਹਿਮਾਚਲ ਘੁੰਮਣ ਗਏ ਸਨ ਜਿੱਥੇ ਪਾਰਕਿੰਗ ਨੂੰ ਲੈ ਕੇ ਠੇਕੇਦਾਰ ਨਾਲ ਉਸ ਦੇ ਪਤੀ ਤੇ ਦਿਓਰ ਦੀ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਠੇਕੇਦਾਰ ਨੇ ਉਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਜਿਸ ਦੇ ਚੱਲਦਿਆਂ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਔਰਤ ਵਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਪਰ ਹਿਮਾਚਲ ਦੀ ਪੁਲਿਸ ਨੇ ਇਹ ਵੀਡੀਓ ਡਿਲੀਟ ਕਰਵਾ ਦਿੱਤੀ। ਔਰਤ ਨੇ ਕਿਹਾ ਕਿ ਪੁਲਿਸ ਦੇ ਦਖਲ ਦੇਣ ਮਗਰੋਂ ਉਹਨਾਂ ਦਾ ਬਚਾਅ ਹੋਇਆ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਉਸ ਨੇ ਆਪਣੇ ਪਤੀ ਤੇ ਆਪਣੇ ਦੇਵਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਹੁਣ NRI ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਮੌਕੇ ਪੀੜਿਤ ਐਨਆਰਆਈ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਸਭ ਕੁਝ ਛੱਡ ਕੇ ਪੰਜਾਬ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਆ ਗਏ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਹਾਲਾਤ ਅਜੇ ਵੀ ਮਾੜੇ ਹਨ ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਅਸੀਂ ਸਿਰਫ ਹਿਮਾਚਲ ਘੁੰਮਣ ਦੇ ਲਈ ਗਏ ਸੀ ਤੇ ਹਿਮਾਚਲ ਦੇ ਲੋਕਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ।