‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਦੇ ਖ਼ਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਕਾਂਗਰਸ ਦੇ ਰਾਜ ਵਿੱਚ ਜੇਲ੍ਹ ਵਿੱਚ ਮਿਲੀ VIP ਟ੍ਰੀਟਮੈਂਟ ਨੂੰ ਲੈ ਕੇ ਪੰਜਾਬ ਵਿੱਚ ਇੱਕ ਤਰ੍ਹਾਂ ਨਾਲ ਸਿਆਸੀ ਭੂਚਾਲ ਆ ਗਿਆ ਹੈ। ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਸਰਕਾਰ ਜਿੱਥੇ ਚਾਹੇ ਬੁਲਾ ਕੇ ਪੁੱਛ-ਪੜਤਾਲ ਕਰ ਸਕਦੀ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੇਸ ਜਾਂ ਵਿਭਾਗ ਵਿੱਚ ਕੀਤੇ ਕੰਮ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਪੰਜਾਬ ਵਿਧਾਨ ਸਭਾ ਦੇ ਅੰਦਰ ਵੀ ਇਸ ਮਸਲੇ ਨੂੰ ਲੈ ਕੇ ਹਰਜੋਤ ਬੈਂਸ ਅਤੇ ਸੁਖਜਿੰਦਰ ਰੰਧਾਵਾਂ ਵਿੱਚ ਤਿੱਖੀ ਬਹਿਸ ਹੋਈ ਸੀ। ਰੰਧਾਵਾ ਨੇ ਬੈਂਸ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਸਬੂਤਾਂ ਦੇ ਨਾਲ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਹੈ। ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਕਿਵੇਂ ਮੁਖਤਾਰ ਅੰਸਾਰੀ ਦੀ ਪਤਨੀ ਉਸ ਦੇ ਨਾਲ ਜੇਲ੍ਹ ਵਿੱਚ ਬਣੇ ਅਫਸਰ ਕੁਆਰਟਰਾਂ ਵਿੱਚ ਰਹਿੰਦੀ ਸੀ। ਰਿਪੋਰਟ ਵਿੱਚ 11 ਆਈਏਐੱਲ ਅਫਸਰ ਵੀ ਸ਼ੱਕ ਦੇ ਘੇਰੇ ਵਿੱਚ ਹਨ। ਆਉਣ ਵਾਲੇ ਦਿਨਾਂ ਵਿੱਚ ਮੁਖਤਾਰ ਅੰਸਾਰੀ ਦਾ ਮਾਮਲਾ ਕੌਮੀ ਪੱਧਰ ‘ਤੇ ਵੀ ਗਰਮਾ ਸਕਦਾ ਹੈ ਕਿਉਂਕਿ ਇਸ ਦੇ ਤਾਰ ਦਿੱਲੀ ਤੋਂ ਲੈ ਕੇ ਯੂਪੀ ਤੱਕ ਜੁੜੇ ਹੋਏ ਹਨ।
ਹਰਜੋਤ ਬੈਂਸ ਨੇ ਜਿਹੜੀ ਜਾਂਚ ਰਿਪੋਰਟ ਮੁੱਖ ਮੰਤਰੀ ਮੰਤਰੀ ਨੂੰ ਸੌਂਪੀ ਸੀ, ਸੂਤਰਾਂ ਮੁਤਾਬਿਕ ਉਸ ਵਿੱਚ ਦੱਸਿਆ ਗਿਆ ਸੀ ਕਿ ਰੋਪੜ ਜੇਲ੍ਹ ਵਿੱਚ ਅੰਸਾਰੀ ਅਫਸਰਾਂ ਲਈ ਬਣੇ ਘਰਾਂ ਵਿੱਚ ਰਹਿੰਦਾ ਸੀ ਅਤੇ ਪਤਨੀ ਵੀ ਰਾਤ ਠਹਿਰਣ ਲਈ ਆਉਂਦੀ ਰਹੀ ਸੀ। ਬਜਟ ਇਜਲਾਸ ਦੌਰਾਨ ਵਿਧਾਨ ਸਭਾ ਵਿੱਚ ਬੈਂਸ ਨੇ ਇਸ ਦਾ ਖੁਲਾਸਾ ਕੀਤਾ ਸੀ ਪਰ ਉਸ ਵੇਲੇ ਕਾਂਗਰਸ ਨੇ ਸਬੂਤ ਮੰਗੇ ਸਨ। ਸਿਰਫ ਇੰਨਾਂ ਹੀ ਨਹੀਂ, ਬੈਂਸ ਨੇ ਦਾਅਵਾ ਕੀਤਾ ਸੀ ਕਿ ਕਿਸ ਤਰ੍ਹਾਂ ਮੁਖਤਾਰ ਅੰਸਾਰੀ ਨੂੰ ਯੂਪੀ ਨਾ ਭੇਜਣ ਦੇ ਲਈ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਕੀਲਾਂ ਨੂੰ 60 ਲੱਖ ਦੇ ਕਰੀਬ ਫੀਸ ਦਿੱਤੀ ਗਈ ਸੀ, ਜਿਸ ਦੇ ਬਿੱਲ ਉਨ੍ਹਾਂ ਕੋਲ ਹਨ।
ਕੈਪਟਨ ਸਰਕਾਰ ਵੇਲੇ ਪੰਜਾਬ ਪੁਲਿਸ ਮੁਖਤਾਰ ਅੰਸਾਰੀ ਨੂੰ ਇੱਕ ਵਪਾਰੀ ਤੋਂ 10 ਕਰੋੜ ਦੀ ਰੰਗਦਾਰੀ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਯੂਪੀ ਤੋਂ ਲੈ ਕੇ ਆਈ ਸੀ। 26 ਵਾਰ ਯੂਪੀ ਸਰਕਾਰ ਨੇ ਅੰਸਾਰੀ ਨੂੰ ਵਾਪਸ ਲਿਆਉਣ ਦੇ ਲਈ ਪ੍ਰੋਡਕਸ਼ਨ ਵਾਰੰਟ ਕੱਢੇ ਪਰ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੰਸਾਰੀ ਨੂੰ 2 ਸਾਲ 3 ਮਹੀਨੇ ਬਾਅਦ ਯੂਪੀ ਭੇਜਿਆ ਗਿਆ ਸੀ। ਬੀਜੇਪੀ ਅਤੇ ਅਕਾਲੀ ਦਲ ਨੇ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ VIP ਟ੍ਰੀਟਮੈਂਟ ਮਿਲਣ ਦਾ ਇਲਜ਼ਾਮ ਲਗਾਇਆ ਸੀ। ਸਿਰਫ਼ ਇੰਨਾ ਹੀ ਨਹੀਂ, ਇਲਜ਼ਾਮ ਇਹ ਵੀ ਲੱਗਿਆ ਸੀ ਕਿ ਰਾਹੁਲ ਅਤੇ ਸੋਨੀਆ ਗਾਂਧੀ ਦੇ ਕਹਿਣ ‘ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਨਹੀਂ ਕਰ ਰਹੇ ਸਨ।
ਕੈਪਟਨ ਸਰਕਾਰ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਸਨ। ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਰੰਧਾਵਾ ਅੰਸਾਰੀ ਦੇ ਪਰਿਵਾਰ ਨਾਲ ਮਿਲੇ ਸਨ। ਹਾਲਾਂਕਿ, ਤਤਕਾਲੀ ਜੇਲ੍ਹ ਮੰਤਰੀ ਨੇ ਇਸ ਇਲਜ਼ਾਮ ਤੋਂ ਇਨਕਾਰ ਕੀਤਾ ਸੀ। ਪੰਜਾਬ ਵਿਧਾਨਸਭਾ ਦੇ ਅੰਦਰ ਵੀ ਰੰਧਾਵਾ ਨੇ ਬੈਂਸ ਨੂੰ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਸੀ। ਇੱਕ ਅਹਿਮ ਜਾਣਕਾਰੀ ਮੁਤਾਬਕ ਮੁਖਤਾਰ ਅੰਸਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਰਪ੍ਰਸਤੀ ਮਿਲੀ ਹੋਈ ਸੀ ਅਤੇ ਉਹਦੀ ਮਹਿਮਾਨ ਨਿਵਾਜ਼ੀ ਸਾਬਕਾ ਮੁੱਖ ਮੰਤਰੀ ਦੀਆਂ ਹਦਾਇਤਾਂ ਉੱਤੇ ਕੀਤੀ ਜਾਂਦੀ ਰਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦਾ ਇੱਕ ਮੈਂਬਰ ਤੇ ਮੁਖਤਿਆਰ ਅੰਸਾਰੀ ਦਾ ਬੇਟਾ ਅੱਬਾਸ ਅੰਸਾਰੀ ਕਾਫੀ ਚੰਗੇ ਦੋਸਤ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
1996 ਵਿੱਚ ਬਸਪਾ ਦੇ ਟਿਕਟ ‘ਤੇ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੇ ਮੁਖ਼ਤਾਰ ਅੰਸਾਰੀ ਨੇ 2002, 2007, 2012 ਅਤੇ ਫਿਰ 2017 ਵਿੱਚ ਵੀ ਮਊ ਤੋਂ ਜਿੱਤ ਹਾਸਲ ਕੀਤੀ। ਇਨ੍ਹਾਂ ਵਿੱਚੋਂ ਆਖ਼ਰੀ ਤਿੰਨ ਚੋਣਾਂ ਉਨ੍ਹਾਂ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹਿੰਦੇ ਹੋਏ ਲੜੀਆਂ ਹਨ।
ਹੁਣ ਸਰਕਾਰ ਦੇ ਲਈ ਨਵਾਂ ਸੰਕਟ ਖੜਾ ਹੋ ਗਿਆ ਹੈ ਕਿ ਏਨੀ ਵੱਡੀ ਗਿਣਤੀ ਵਿੱਚ ਆਈਏਐੱਸ ਅਧਿਕਾਰੀਆਂ ਉੱਤੇ ਕਾਰਵਾਈ ਕਿਵੇਂ ਕੀਤੀ ਜਾਵੇ। ‘ਦ ਖ਼ਾਲਸ ਟੀਵੀ ਦੇ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਮਾਨ ਨੇ ਜੇਲ੍ਹ ਮੰਤਰੀ ਦੀ ਰਿਪੋਰਟ ਉੱਤੇ ਇੱਕ ਹੋਰ ਕਮੇਟੀ ਦਾ ਗਠਨ ਕਰ ਦਿੱਤਾ ਹੈ। ਆਈਪੀਐੱਸ ਅਧਿਕਾਰੀਆਂ ਦੀ ਇਹ ਕਮੇਟੀ ਆਪਣੀ ਰਿਪੋਰਟ ਦੇਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਦੇ ਲਈ ਰਾਹ ਪੱਧਰਾ ਹੋਵੇਗਾ।
ਉੱਧਰ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਅੰਸਾਰੀ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧਣ ਵਾਲੀਆਂ ਹਨ। ਈਡੀ ਵੱਲੋਂ ਉਸਦੀ ਜਾਇਦਾਦ ਦਾ ਰਿਕਾਰਡ ਫਰੋਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਦੋ ਦਿਨ ਪਹਿਲਾਂ ਯੂਪੀ ਵਿੱਚ ਵੀਰਵਾਰ ਨੂੰ 11 ਟਿਕਾਣਿਆਂ ਵਿੱਚ ਛਾਪੇ ਮਾਰਨ ਤੋਂ ਬਾਅਦ ਪੰਜਾਬ ਵਿੱਚ ਹੀ ਹਲਚਲ ਤੇਜ਼ ਹੋ ਗਈ ਹੈ।