ਅਮਰੀਕਾ ਤੋਂ ਡਿਪੋਰਟ ਕੀਤੀ ਗਈ ਪੰਜਾਬੀ ਦਾਦੀ ਹਰਜੀਤ ਕੌਰ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਵੀ ਉਠਾਇਆ ਗਿਆ। ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਦਨ ਨੂੰ ਦੱਸਿਆ ਕਿ ਹਰਜੀਤ ਕੌਰ ਨੂੰ ਜਹਾਜ਼ ਵਿੱਚ ਬਿਠਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ, ਪਰ ਹਥਕੜੀਆਂ ਨਹੀਂ ਲਗਾਈਆਂ ਗਈਆਂ।ਜੈਸ਼ੰਕਰ ਨੇ ਕਿਹਾ ਕਿ ਜਦੋਂ ਵੀ ਡਿਪੋਰਟੀਆਂ ਨੂੰ ਲੈ ਕੇ ਕੋਈ ਉਡਾਣ ਭਾਰਤ ਆਉਂਦੀ ਹੈ, ਭਾਰਤ ਸਰਕਾਰ ਦੇ ਅਧਿਕਾਰੀ ਉਨ੍ਹਾਂ ਦੇ ਬਿਆਨ ਲੈਂਦੇ ਹਨ।
ਅਸੀਂ ਇਸ ਮਾਮਲੇ ਨੂੰ ਅਮਰੀਕੀ ਅੰਬੈਸੀ ਸਾਹਮਣੇ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਅਮਰੀਕੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਅਜਿਹਾ ਦੁਰਵਿਵਹਾਰ ਦੁਬਾਰਾ ਨਾ ਵਾਪਰੇ।
ਹਰਜੀਤ ਕੌਰ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ। ਉਨ੍ਹਾਂ ’ਤੇ ਗੈਰ-ਕਾਨੂੰਨੀ ਰਿਹਾਇਸ਼ ਦਾ ਇਲਜ਼ਾਮ ਲਾ ਕੇ ਡਿਪੋਰਟ ਕੀਤਾ ਗਿਆ। ਹਿਰਾਸਤ ਦੌਰਾਨ ਹੋਏ ਦੁਰਵਿਵਹਾਰ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਭਾਰਤ ਵਿੱਚ ਸਿਆਸੀ ਵਿਵਾਦ ਬਣ ਗਿਆ ਸੀ।
ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੇ ਮਾਣ-ਸਨਮਾਨ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਵਿਦੇਸ਼ਾਂ ਵਿੱਚ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੀ ਹੈ।

