India

ਟਰੱਕ ਦੀ ਟੱਕਰ ਤੋਂ ਬਚੀ ਕਾਰ ਨਹਿਰ ‘ਚ ਡਿੱਗੀ , ਪੂਰੇ ਪਰਿਵਾਰ ਦੀ ਮੌਤ

‘ਦ ਖ਼ਾਲਸ ਬਿਊਰੋ:- ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਕੁੰਢਲੀ ਖੇਤਰ ‘ਚ ਇੱਕ ਕਾਰ ਯਮੁਨਾ ਲਿੰਕ ਨਹਿਰ ‘ਚ ਡਿੱਗ ਗਈ ਜਿਸ ‘ਚ ਸਵਾਰ ਪੂਰੇ ਪਰਿਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੇਟਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਨ੍ਹਾਂ ਦੇ ਭਾਣਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਸੋਨੀਪਤ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

56 ਸਾਲਾ ਟਰਾਂਸਪੋਰਟਰ ਸਾਧੂਰਾਮ ਆਪਣੇ ਪਰਿਵਾਰ ਨਾਲ ਆਈ-10 ਕਾਰ ‘ਚ ਦਿੱਲੀ ਦੇ ਮਹਿਰੌਲੀ ਤੋਂ ਆਪਣੇ ਪਿੰਡ ਬਿਦਰੌਲੀ ਜਾ ਰਿਹਾ ਸੀ। ਇਸ ਘਟਨਾ ‘ਚ ਉਸਦੀ 46 ਸਾਲਾ ਪਤਨੀ ਸੀਮਾ, 17 ਸਾਲਾ ਬੇਟਾ ਮੌਂਟੀ ਤੇ 15 ਸਾਲਾ ਬੇਟਾ ਧਰੁਵ ਦੀ ਮੌਤ ਹੋ ਗਈ।

ਕਾਰ ਦੇ ਸਾਹਮਣੇ ਅਚਾਨਕ ਟਰੱਕ ਆਉਣ ਕਾਰਨ ਕਾਰ ਨੂੰ ਟੱਕਰ ਤੋਂ ਬਚਾਉਣ ਦੇ ਯਤਨਾਂ ‘ਚ ਉਨ੍ਹਾਂ ਕਾਰ ਨੂੰ ਮੋੜਿਆ ਤਾਂ ਕਾਰ ਬੇਕਾਬੂ ਹੋ ਕੇ ਯਮੁਨਾ ਲਿੰਕ ਨਹਿਰ ‘ਚ ਡਿੱਗ ਗਈ। ਇਸ ਹਾਦਸੇ ਦੌਰਾਨ ਸੁਮਿਤ ਨੇ ਕਿਸੇ ਤਰ੍ਹਾਂ ਕਾਰ ਦੀ ਖਿੜਕੀ ਜਾਂ ਸ਼ੀਸ਼ੇ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ ਪਰ ਬਾਕੀ ਪਰਿਵਾਰ ਦੀ ਕਾਰ ‘ਚ ਫਸ ਕੇ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ।