‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਭਰ ਦੇ ਸਰਪੰਚਾਂ ਨਾਲ ਸੂਬੇ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ। ਕੈਪਟਨ ਨੇ ਪੰਜਾਬ ਦੇ ਪਿੰਡਾਂ ਲਈ ਵੱਡਾ ਐਲਾਨ ਕੀਤਾ ਹੈ। ਕੈਪਟਨ ਨੇ ਪੰਜਾਬ ਦੇ 100 ਫੀਸਦੀ ਕਰੋਨਾ ਵੈਕਸੀਨੇਸ਼ਨ ਕਰਵਾਉਣ ਵਾਲੇ ਪਿੰਡ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਉਸ ਪਿੰਡ ਦਾ ਸਰਪੰਚ ਇਸ ਗਰਾਂਟ ਨੂੰ ਆਪਣੇ ਪਿੰਡ ਦੇ ਵਿਕਾਸ ਲਈ ਇਸਤੇਮਾਲ ਕਰ ਸਕਦਾ ਹੈ। ਕੈਪਟਨ ਨੇ ਪਿੰਡਾਂ ਦੇ ਸਰਪੰਚਾਂ ਨੂੰ ਕਰੋਨਾ ਵੈਕਸੀਨੇਸ਼ਨ ਵਧਾਉਣ ਦੇ ਲਈ ਇਹ ਐਲਾਨ ਕੀਤਾ ਹੈ।
ਕੈਪਟਨ ਨੇ ਪਿੰਡਾਂ ਦੇ ਸਰਪੰਚਾਂ ਨੂੰ ਜ਼ਿੰਮੇਵਾਰੀ ਦਿੰਦਿਆਂ ਕਿਹਾ ਕਿ ਜਦੋਂ ਪਿੰਡਾਂ ਵਿੱਚ ਕਰੋਨਾ ਟੈਸਟ ਕਰਨ ਲਈ ਟੀਮਾਂ ਜਾਂਦੀਆਂ ਹਨ ਤਾਂ ਲੋਕ ਕਰੋਨਾ ਟੈਸਟ ਨਹੀਂ ਕਰਵਾਉਂਦੇ। ਇਸ ਲਈ ਪਿੰਡਾਂ ਦੇ ਸਰਪੰਚ ਆਪਣੇ ਪਿੰਡਵਾਸੀਆਂ ਦਾ ਕਰੋਨਾ ਟੈਸਟ ਕਰਵਾਉਣ। ਕੈਪਟਨ ਨੇ ਕਿਹਾ ਕਿ ਪਿੰਡ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਸਟੇਜ ਇੱਕ ‘ਤੇ ਕਰੋਨਾ ਬਿਮਾਰੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਇਕਾਂਤਵਾਸ ਕੀਤਾ ਜਾਵੇ ਅਤੇ ਉਸਨੂੰ ਫਤਿਹ ਕਿੱਟ ਦਿੱਤੀ ਜਾਵੇ। ਇਨ੍ਹਾਂ ਫਤਿਹ ਕਿੱਟਾਂ ਵਿੱਚ ਦਵਾਈਆਂ, ਥਰਮਾਮੀਟਰ, ਆਕਸੀਜਨ ਮੀਟਰ ਸਮੇਤ ਕੁੱਲ 22 ਚੀਜ਼ਾਂ ਹਨ।