‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈ 86 ਲੋਕਾਂ ਦੀ ਮੌਤ ਤੋਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੀ ਮਾੜੀ ਰਾਜਨੀਤਿਕ ਹਾਲਤ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਸਸਪੈਂਡ ਹੋਣ ਦੀ ਲੋੜ ਹੈ।
ਖਹਿਰਾ ਨੇ ਕਿਹਾ ਕਿ “ਨਕਲੀ ਅਤੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਅਫਸਰਾਂ ਨੂੰ ਸਸਪੈਂਡ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਦਾ ਖਮਿਆਜ਼ਾ ਤਰਨਤਾਰਨ, ਬਟਾਲਾ ਅਤੇ ਅੰਮ੍ਰਿਤਸਰ ਦੇ ਕਈ ਪਰਿਵਾਰਾਂ ਨੂੰ ਭੁਗਤਣਾ ਪਿਆ ਹੈ”।
ਖਹਿਰਾ ਨੇ ਦਾਅਵਾ ਕੀਤਾ ਕਿ ਇਸ ਪੂਰੀ ਘਟਨਾ ਪਿੱਛੇ ਵੱਡੇ ਸਿਆਸਤਦਾਨਾਂ ਦਾ ਹੱਥ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਹੋਣੀ ਚਾਹੀਦੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜਾ ਮਿਲਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਛੋਟੇ-ਮੋਟੇ ਅਫਸਰਾਂ ਨੂੰ ਸਸਪੈਂਡ ਕਰਕੇ ਆਪਣਾ ਪੱਲਾ ਛਡਵਾਉਣਾ ਚਾਹੁੰਦੇ ਹਨ।
ਪੰਜਾਬ ਅੰਦਰ ਚੱਲ ਰਹੇ ਨਕਲੀ ਸ਼ਰਾਬ ਦੇ ਧੰਦੇ ਬਾਰੇ ਖਹਿਰਾ ਨੇ ਸੁਆਲ ਖੜ੍ਹੇ ਕਰਦਿਆਂ ਕਿਹਾ ਕਿ “ਜਿਹੜੇ ਰਾਣਾ ਗੁਰਜੀਤ ਸਿੰਘ ਸੋਡੀ ਅਤੇ ਦੀਪ ਮਲਹੋਤਰਾ ਵਰਗੇ ਕਈ ਹੋਰ ਵੱਡੇ ਲੀਡਰ ਸ਼ਰਾਬ ਦੀਆਂ ਪ੍ਰਾਈਵੇਟ ਫੈਕਟਰੀਆਂ ਚਲਾ ਰਹੇ ਹਨ, ਉਹਨਾਂ ਵੱਲੋਂ 8-10 ਲੱਖ ਰੁਪਏ ਦੇ ਕਰੀਬ ਟੈਕਸ ਚੋਰੀ ਕੀਤਾ ਜਾਂਦਾ ਹੈ, ਜਿਸ ਨਾਲ ਐਂਕਸਾਈਜ਼ ਵਿਭਾਗ ਨੂੰ ਸਾਲਾਨਾ ਲਗਭਗ 1820 ਕਰੋੜ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ”।