‘ਦ ਖ਼ਾਲਸ ਬਿਊਰੋ : ਦਿੱਲੀ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ ਨੂੰ ਬੰਦ ਹੋ ਜਾਵੇਗਾ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਚੋਣ ਲੜ ਰਹੇ ਉਮੀਦਵਾਰਾਂ ਨੇ ਆਖ਼ਰੀ ਦੋ ਦਿਨਾਂ ਦੌਰਾਨ ਆਪਣੀ ਸਾਰੀ ਤਾਕਤ ਪ੍ਰਚਾਰ ਵਿੱਚ ਝੋਕ ਦਿੱਤੀ ਹੈ। ਉਮੀਦਵਾਰਾਂ ਵੱਲੋਂ ਹੁਣ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਜਾਣ ਤੇ ਹਰੇਕ ਮੁਹੱਲੇ ਦੀ ਗਲੀ ਵਿੱਚੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਕਾਰਕੁਨਾਂ ਦੀ ਜ਼ਿੰਮੇਵਾਰੀ ਵੀ ਲਾ ਦਿੱਤੀ ਗਈ ਹੈ।
ਅੱਜ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਕਰ ਕੇ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਲਈ ਇਹ ਦੋ ਦਿਨ ਅਹਿਮ ਸਾਬਤ ਹੋਣ ਵਾਲੇ ਹਨ। ਕੱਲ੍ਹ ਸ਼ਾਮ ਮਗਰੋਂ ਰਾਤਾਂ ਨੂੰ ਵੋਟਰਾਂ ਦੀ ਖਰੀਦੋ-ਫਰੋਖਤ ਕਰਨ ਤੇ ਵੋਟਰਾਂ ਨੂੰ ਆਪਣੇ ਪਾੜੇ ਵਿੱਚ ਲਿਆਉਣ ਲਈ ਪਰਦੇ ਪਿੱਛੇ ਵਾਪਰਨ ਵਾਲੀਆਂ ਘਟਨਾਵਾਂ ਦੇ ਖਦਸ਼ੇ ਵੀ ਪ੍ਰਗਟ ਕੀਤੇ ਜਾ ਰਹੇ ਹਨ।
ਦਿੱਲੀ ਪੁਲੀਸ ਤੇ ਚੋਣ ਕਮਿਸ਼ਨ ਸਮੇਤ ਪ੍ਰਸ਼ਾਸਨ ਵੱਲੋਂ ਵੀ ਵੋਟਾਂ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਕਮਰ ਕੱਸੀ ਗਈ ਹੈ। ਦਿੱਲੀ ਪੂਰਬੀ ਖੇਤਰਾਂ ਵਿੱਚ ਵੱਧ ਚੌਕਸੀ ਵਰਤੀ ਜਾ ਰਹੀ ਹੈ। ਦਿੱਲੀ ਦੀਆਂ ਮੁੱਖ ਸਿਆਸੀ ਧਿਰਾਂ ਭਾਜਪਾ, ‘ਆਪ’ ਤੇ ਕਾਂਗਰਸ ਵੱਲੋਂ ਆਪਣੇ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।