ਚੰਡੀਗੜ੍ਹ : ਆਪਣੇ ਸੁਰੱਖਿਆ ਦਸਤੇ ਵਿੱਚ ਸ਼ਾਮਲ ਗੱਡੀ ਦੇ ਇੱਕ ਦੋ ਪਹੀਆ ਵਾਹਨ ਨਾਲ ਟਕਰਾਉਣ ਤੋਂ ਬਾਅਦ ਵਾਪਰੇ ਹਾਦਸੇ ਲਈ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅਫਸੋਸ ਜ਼ਾਹਿਰ ਕੀਤਾ ਹੈ।
ਉਹ ਹਾਦਸੇ ਵਿੱਚ ਜ਼ਖਮੀ ਹੋਏ ਲੜਕੇ ਤੇ ਲੜਕੀ ਦਾ ਹਸਪਤਾਲ ਜਾ ਕੇ ਹਾਲ ਵੀ ਪੁੱਛਿਆ ਤੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਈ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਲੜਕੇ ਦੀ ਲੱਤ ਉਤੇ ਸੱਟ ਲੱਗੀ ਹੈ ਪਰ ਇਹ ਸੱਟ ਗੰਭੀਰ ਨਹੀਂ ਹੈ। ਲੜਕੇ ਦੀ ਲੱਤ ਦਾ ਜਲਦੀ ਹੀ ਅਪਰੇਸ਼ਨ ਕੀਤਾ ਜਾ ਰਿਹਾ ਹੈ। ਡਾ ਬਲਜੀਤ ਕੌਰ ਨੇ ਇਲਾਜ ਦਾ ਸਾਰਾ ਖ਼ਰਚਾ ਆਪਣੇ ਸਿਰ ਲੈਣ ਦੀ ਵੀ ਗੱਲ ਕਹੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਐਸਕਾਰਟ ਕਰਮੀਆਂ ਵੱਲੋਂ ਬੇਨਤੀ ਕਰਕੇ ਗੱਡੀ ਰੋਕ ਕੇ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਕਿਉਂਕਿ ਐਂਬੁਲੈਂਸ ਨੂੰ ਪਹੁੰਚਣ ਵਿੱਚ ਸਮਾਂ ਲੱਗ ਰਿਹਾ ਸੀ ਤੇ ਹਾਦਸੇ ਤੋਂ ਬਾਅਦ ਵੀ ਸਾਰੀ ਰਾਤ ਉਨ੍ਹਾਂ ਦੇ 5 ਸੁਰੱਖਿਆ ਕਰਮੀ ਹਾਦਸਾਗ੍ਰਸਤ ਲੜਕਾ ਤੇ ਲੜਕੀ ਦੀ ਦੇਖਭਾਲ ਲਈ ਹਸਪਤਾਲ ਮੌਜੂ਼ਦ ਰਹੇ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਆਪਣੇ ਸੁਰੱਖਿਆ ਕਰਮੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੂਰੇ ਇਲਾਜ ਹੋਣ ਤੱਕ ਉਹ ਹਸਪਤਾਲ ਵਿੱਚ ਰਹਿ ਕੇ ਲੜਕੇ ਦੀ ਦੇਖਭਾਲ ਕਰਨਗੇ।
ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 27-28 ਲਾਈਟ ਪੁਆਇੰਟ ਉਤੇ ਕੈਬਨਿਟ ਮੰਤਰੀ ਦੀ ਐਸਕਾਰਟ ਜਿਪਸੀ ਨੇ ਐਕਟਿਵਾ ਸਵਾਰ ਕੁੜੀ ਤੇ ਮੁੰਡੇ ਨੂੰ ਟੱਕਰ ਮਾਰ ਦਿੱਤੀ ਸੀ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।ਐਸਕਾਰਟ ਜਿਪਸੀ ਬਹੁਤ ਤੇਜ਼ ਰਫ਼ਤਾਰ ਸੀ ਅਤੇ ਉਸ ਨੇ ਪਿੱਛੇ ਤੋਂ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੂੰ 32 ਸੈਕਟਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਹਾਲਾਂਕਿ ਕੈਬਨਿਟ ਮੰਤਰੀ ਨੇ ਆਪਣਾ ਪੱਖ ਰਖਿਆ ਹੈ ਪਰ ਵਿਰੋਧੀ ਧਿਰ ਵੀ ਸਰਗਰਮ ਹੋ ਗਈ ਹੈ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟ ਰਾਹੀਂ ਸਰਕਾਰ ‘ਤੇ ਨਿਸ਼ਾਨਾ ਲਾਇਆ ਹੈ।
Mr @ArvindKejriwal should feel ashamed for producing a pseudo class of leadership who claim to be Aam Aadmi or ordinary but are more VIP’s than traditional VIP’s mowing down innocents & don’t bother to even provide first aid! @INCIndia https://t.co/yB0lOkks0z pic.twitter.com/fMGtxgdDiq
— Sukhpal Singh Khaira (@SukhpalKhaira) October 16, 2022
ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਉਹਨਾਂ ਨੂੰ ਅਜਿਹੀ ਲੀਡਰਸ਼ਿਪ ਪੈਦਾ ਕਰਨ ਲਈ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ,ਜੋ ਆਮ ਆਦਮੀ ਜਾਂ ਆਮ ਹੋਣ ਦਾ ਦਾਅਵਾ ਤਾਂ ਕਰਦੇ ਹਨ ਪਰ ਰਵਾਇਤੀ ਵੀਆਈਪੀ ਨਾਲੋਂ ਵੱਧ ਵੀਆਈਪੀ ਹਨ,ਜੋ ਨਿਰਦੋਸ਼ਾਂ ਨੂੰ ਮਾਰਦੇ ਹਨ ਪਰ ਮੁਢਲੀ ਸਹਾਇਤਾ ਪ੍ਰਦਾਨ ਕਰਨ ਦੀ ਖੇਚਲ ਵੀ ਨਹੀਂ ਕਰਦੇ।