ਮੁਹਾਲੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਲੀਬੀਆ ਦੀ ਇੱਕ ਫੈਕਟਰੀ ਵਿੱਚ ਫਸੇ ਇਹ ਨੌਜਵਾਨ ਸੁਰੱਖਿਅਤ ਹਨ ਤੇ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਵੀਡੀਓ ਪੋਸਟ ਵਿੱਚ ਉਹਨਾਂ ਨੇ ਨੌਜਵਾਨਾਂ ਸੰਬੰਧੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।
ਮੰਤਰੀ ਬੈਂਸ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਦੂਤਾਵਾਸ ਧੋਖੇ ਦਾ ਸ਼ਿਕਾਰ ਹੋਏ 12 ਨੌਜਵਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ । ਇਨ੍ਹਾਂ 12 ਭਾਰਤੀਆਂ ਵਿੱਚੋਂ 7 ਜ਼ਿਲ੍ਹਾ ਰੂਪਨਗਰ ਦੇ ਵਸਨੀਕ ਹਨ ਅਤੇ 1 ਆਸਪੁਰ, 1 ਮੋਗਾ, 1 ਕਪੂਰਥਲਾ, 1 ਹਿਮਾਚਲ ਪ੍ਰਦੇਸ਼, 1 ਬਿਹਾਰ ਦੇ ਵਾਸੀ ਹਨ।ਪੀੜਤਾਂ ਨੂੰ ਭੋਜਨ ਅਤੇ ਪੈਸੇ ਮੁਹੱਈਆ ਕਰਵਾ ਦਿੱਤੇ ਗਏ ਹਨ।
ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਪੀੜਤ ਨੌਜਵਾਨ ਹੁਣ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੂੰ ਖਾਣੇ ਦੇ ਪੈਕੇਟ ਅਤੇ 100 ਦਿਰਹਮ ਦਿੱਤੇ ਗਏ ਹਨ ਤਾਂ ਜੋ ਉਹ ਕੁਝ ਦਿਨਾਂ ਲਈ ਆਪਣੇ ਖਾਣੇ ਅਤੇ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰ ਸਕਣ। ਇੱਕ ਭਾਰਤੀ,ਜਿਸ ਨੂੰ ਮੈਡੀਕਲ ਸਹਾਇਤਾ ਦੀ ਲੋੜ ਸੀ,ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
https://twitter.com/harjotbains/status/1622225274975956992?s=20&t=n454tNkr6kvrZd4hTlTMFQ
ਕੈਬਨਿਟ ਮੰਤਰੀ ਬੈਂਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਸਾਰੇ 12 ਨੌਜਵਾਨਾਂ ਨੂੰ ਇੱਕ ਏਜੰਟ ਨੇ ਧੋਖਾ ਦਿੱਤਾ ਹੈ ਤੇ ਇਹਨਾਂ ਨੂੰ ਦੁਬਈ ਦੀ ਬਜਾਏ ਲੀਬੀਆ ਲੈ ਗਿਆ। ਜਿੱਥੇ ਇਹਨਾਂ ਨਾਲ ਕਾਫੀ ਮਾੜਾ ਸਲੂਕ ਕੀਤਾ ਗਿਆ।
ਉਹਨਾਂ ਦਾਅਵਾ ਕੀਤਾ ਹੈ ਕਿ ਜਲਦੀ ਹੀ ਸਾਰੇ ਨੌਜਵਾਨ ਭਾਰਤ ਪਰਤ ਆਉਣਗੇ। ਇਸ ਸਬੰਧ ਵਿੱਚ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਅਗਲੇ 4-5 ਦਿਨਾਂ ਵਿੱਚ ਉਹਨਾਂ ਦੀ ਵਾਪਸੀ ਹੋ ਜਾਵੇਗੀ।
ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵਾਈਰਲ ਹੋਈ ਵੀਡੀਓ ਨੂੰ ਕੈਬਨਿਟ ਮੰਤਰੀ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਵੀ ਕੀਤਾ ਸੀ। ਜਿਸ ਵਿੱਚ ਕੁਝ ਭਾਰਤੀ ਨੌਜਵਾਨ ਵਿਦੇਸ਼ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਹਨ ਤੇ ਮਦਦ ਲਈ ਗੁਹਾਰ ਲਗਾ ਰਹੇ ਹਨ।