The Khalas Tv Blog Punjab ਸਰਹੰਦ ਫੀਡਰ ‘ਚ ਬੱਸ ਡਿੱਗਣ ਦਾ ਬੱਸ ਮਾਲਕ ਨੇ ਦੱਸਿਆ ਇਹ ਕਾਰਨ, ਡਰਾਈਵਰ ਤੇ ਕੰਡਕਟਰ ਖਿਲਾਫ਼ ਕੇਸ ਦਰਜ
Punjab

ਸਰਹੰਦ ਫੀਡਰ ‘ਚ ਬੱਸ ਡਿੱਗਣ ਦਾ ਬੱਸ ਮਾਲਕ ਨੇ ਦੱਸਿਆ ਇਹ ਕਾਰਨ, ਡਰਾਈਵਰ ਤੇ ਕੰਡਕਟਰ ਖਿਲਾਫ਼ ਕੇਸ ਦਰਜ

The bus owner said this was the reason for the bus falling in Sirhand feeder, a case was filed against the driver and conductor

ਪੰਜਾਬ ਦੇ ਮੁਕਤਸਰ ਜ਼ਿਲੇ ‘ਚ ਮੰਗਲਵਾਰ ਨੂੰ ਹੋਏ ਬੱਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਲੋਕਾਂ ਦੇ ਨਹਿਰ ‘ਚ ਰੁੜ੍ਹ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਭਾਲ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਐਨਡੀਆਰਐਫ ਦੀਆਂ ਟੀਮਾਂ ਨਹਿਰ ਵਿੱਚ ਲਾਸ਼ਾਂ ਲੱਭਣ ਵਿੱਚ ਜੁਟੀਆਂ ਹੋਈਆਂ ਹਨ। ਇਸ ਹਾਦਸੇ ‘ਚ ਮਾਰੇ ਗਏ ਸਾਰੇ 8 ਲੋਕਾਂ ਦੀਆਂ ਲਾਸ਼ਾਂ ਮੰਗਲਵਾਰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ।

ਇਸ ਮਾਮਲੇ ਵਿੱਚ ਥਾਣਾ ਬਰੀਵਾਲਾ ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਬਰੀਵਾਲਾ ਪੁਲਿਸ ਨੇ ਇਸ ਸਬੰਧ ਵਿੱਚ ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੱਟਿਆਂ ਵਾਲੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਡਰਾਈਵਰ ਖੁਸ਼ਪਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਨੂੰ ਧਾਰਾ 304ਏ 279,337 ਅਤੇ 427 ਤਹਿਤ ਨਾਮਜ਼ਦ ਕੀਤਾ ਹੈ।

ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਵਾਪਰਿਆ। ਮੁਕਤਸਰ ਕੋਟਕਪੂਰਾ ਰੋਡ ‘ਤੇ ਪਿੰਡ ਝਬੇਲਵਾਲੀ ਨੇੜੇ ਨਿਊ ਦੀਪ ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਮੀਂਹ ਦੌਰਾਨ ਤੇਜ਼ ਰਫ਼ਤਾਰ ਹੋਣ ਕਾਰਨ ਰੇਲਿੰਗ ਤੋੜ ਕੇ ਸਰਹੰਦ ਫੀਡਰ ਨਹਿਰ ਵਿੱਚ ਜਾ ਡਿੱਗੀ।

ਹੁਣ ਤੱਕ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਦੀ ਪਛਾਣ ਵੀ ਕਰ ਲਈ ਗਈ ਹੈ। ਇਸ ਕਾਰਨ 11 ਲੋਕ ਜ਼ਖਮੀ ਹੋ ਗਏ, ਜਦੋਂ ਕਿ ਕਰੀਬ 40 ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਬਚਾ ਲਿਆ।

ਦੂਜੇ ਪਾਸੇ ਪੁਲਿਸ ਨੇ ਲਾਪਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਤਾਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।

ਇਸੇ ਮਾਮਲੇ ਵਿੱਚ ਬੱਸ ਦੇ ਮਾਲਕ ਦਾ ਬਿਆਨ ਸਾਹਮਣੇ ਆਇਆ ਹੈ। ਮਾਲਕ ਦਾ ਕਹਿਣਾ ਹੈ ਕਿ ਪੁਲ ਤੰਗ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਸਨੇ ਦੱਸਿਆ ਕਿ 35 ਸਵਾਰੀਆਂ ਬੱਸ ਵਿੱਚ ਸਵਾਰ ਸਨ ਜਿਨ੍ਹਾਂ ਵਿਚੋਂ 20 ਦੀਆਂ ਹੀ ਟਿਕਟਾਂ ਕੱਟੀਆਂ ਗਈਆਂ ਸਨ। ਬੱਸ ਮਾਲਕ ਦਾ ਕਹਿਣਾ ਹੈ ਕਿ ਮੀਂਹ ਦੌਰਾਨ ਬ੍ਰੇਕ ਮਾਰਨ ‘ਤੇ ਬੱਸ ਸਲਿੱਪ ਹੋ ਗਈ  ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਡਰਾਈਵਰ ਅਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ ਹਨ।

ਬੱਸ ਮਾਲਕ ਨੇ ਦੱਸਿਆ ਕਿ ਮੀਂਹ ਤੇਜ਼ ਹੋਣ ਕਾਰਨ ਬੱਸ ਦੇ ਅੱਗੇ ਇੱਕ ਕਾਰ ਜਾ ਰਹੀ ਸੀ ਪਰ ਜਿਵੇਂ ਹੀ ਦੋਨੋਂ ਵਹੀਕਲ ਤੰਗ ਪੁਲ ‘ਤੇ ਪਹੁੰਚੇ ਤਾਂ ਕਾਰ ਸਵਾਰ ਨੇ ਇੱਕਦਮ ਕਾਰ ਨੂੰ ਤੇਜ਼ ਰਫਤਾਰ ਨਾਲ ਭਜਾ ਲਿਆ ਜਿਸ ਕਾਰਨ ਬੱਸ ਡਰਾਈਵਰ ਨੂੰ ਐਮਰਜ਼ੈਸੀ ਬ੍ਰੇਕ ਲਗਾਉਣ ਪੈ ਗਏ ਅਤੇ ਬ੍ਰੇਕ ਲਗਾਉਣ ਕਾਰਨ ਸਲਿੱਪ ਹੋ ਕੇ ਬੱਸ ਨਹਿਰ ਵਿੱਚ ਜਾ ਡਿੱਗੀ।

Exit mobile version