Punjab

ਕੈਨੇਡੀਅਨ ਮਸ਼ਹੂਰ ਸਿੱਖ ਗਾਇਕ ਦੀ ਕੰਪਨੀ ਨੇ ਸਪਾਂਸਰਸ਼ਿੱਪ ਵਾਪਸ ਲਈ !

ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਵਿੱਚ ਚੱਲ ਰਹੇ ਵਿਵਾਦ ਦਾ ਅਸਰ ਹੁਣ ਇੰਡੋ ਕੈਨੇਡੀਅਨ ਗਾਇਕਾਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ । ਸਭ ਤੋਂ ਵੱਧ ਨਿਸ਼ਾਨੇ ‘ਤੇ ਗਾਇਕ ਸ਼ੁਭਨੀਤ ਸਿੰਘ ਉਰਫ ਸ਼ੁੱਭ ਹੈ। ਬੀਜੇਪੀ ਨੇ ਪਹਿਲਾਂ ਹੀ ਉਸ ਦੇ ਮੁੰਬਈ ਸ਼ੋਅ ਦੇ ਪੋਸਟਰ ਪਾੜੇ ਅਤੇ ਹੁਣ ਭਾਰਤ ਦੀ ਸਭ ਤੋਂ ਵੱਡੀ ਕੰਪਨੀਆਂ ਵਿੱਚੋਂ ਇੱਕ BOAT ਕੰਪਨੀ ਨੇ ਸ਼ੋਅ ਦੀ ਸਪਾਂਸਰਸ਼ਿੱਪ ਰੱਦ ਕਰ ਦਿੱਤੀ ਹੈ । 23 ਅਤੇ 25 ਸਤੰਬਰ ਨੂੰ ਮੁੰਬਈ ਵਿੱਚ ਗਾਇਕ ਸ਼ੁੱਭ ਦੇ ਸ਼ੋਅ ਹੋਣੇ ਸਨ।

ਬੋਟ ਸਪੀਕਰ ਕੰਪਨੀ ਨੇ ਗਾਇਕ ਸ਼ੁੱਭ ਦੀ ਸਪਾਂਸਰਸ਼ਿੱਪ ਰੱਦ ਕਰਨ ਦੀ ਇਤਲਾਹ ਸੋਸ਼ਲ ਮੀਡੀਆ ਹੈਂਡਲ ‘ਤੇ ਦਿੱਤੀ ਹੈ । ਕੰਪਨੀ ਨੇ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ‘ਮਿਊਜ਼ ਦੇ ਵੱਲ ਸਾਡੀ ਦਿਲਚਸਪੀ ਹੈ । ਅਸੀਂ ਸਭ ਤੋਂ ਪਹਿਲਾਂ ਸੱਚੇ ਭਾਰਤੀ ਬਰੈਂਡ ਹਾਂ। ਇਸ ਸਾਲ ਦੇ ਸ਼ੁਰੁਆਤ ਵਿੱਚ ਗਾਇਕ ਸ਼ੁੱਭ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਬਾਰੇ ਪਤਾ ਚੱਲਿਆ ਹੈ ਤਾਂ ਕੰਪਨੀ ਨੇ ਸਪਾਂਸਰਸ਼ਿੱਪ ਵਾਪਸ ਲੈਣ ਦਾ ਫੈਸਲਾ ਲਿਆ’ । ਗਾਇਕ ਸ਼ੁੱਭਨੀਤ ਉਰਫ ਸ਼ੁੱਭ ਦੇ ਸ਼ੋਅ ਸਿਰਫ ਮੁੰਬਈ ਵਿੱਚ ਹੀ ਨਹੀਂ ਬਲਕਿ ਹੈਦਰਾਬਾਦ,ਦਿੱਲੀ ਅਤੇ ਬੈਂਗਲੁਰੂ ਵਿੱਚ ਵੀ ਸਨ ।

ਭਾਰਤ ਦੇ ਨਕਸ਼ੇ ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਹਟਾਇਆ ਸੀ

ਸ਼ੁਭਨੀਤ ਉਰਫ ਸ਼ੁੱਭ ਉਸ ਵੇਲੇ ਵਿਵਾਦਾਂ ਵਿੱਚ ਆਇਆ ਜਦੋਂ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਨਕਸ਼ਾ ਪੋਸਟ ਕੀਤਾ ਸੀ । ਉਸ ਨੇ ਭਾਰਤ ਦੇ ਨਕਸ਼ੇ ‘ਤੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਹਟਾਇਆ ਸੀ । ਉਸ ਨੇ ਇਹ ਪੋਸਟ ਉਸ ਵੇਲੇ ਪਾਈ ਸੀ ਜਦੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪੁਲਿਸ ਤਲਾਸ਼ ਕਰ ਰਹੀ ਸੀ । ਇਸ ਦੇ ਬਾਅਦ ਉਸ ਦਾ ਨਾਂ ਖਾਲਿਸਤਾਨੀ ਹਮਾਇਤੀਆਂ ਵਿੱਚ ਜੁੜ ਗਿਆ।

ਕ੍ਰਿਕਟਰ ਕੋਹਲੀ ਨੇ ਵੀ ਅਨਫਾਲੋ ਕੀਤਾ

ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਭਾਰਤ ਦੇ ਨਕਸ਼ੇ ਨਾਲ ਸ਼ੁੱਭ ਵੱਲੋਂ ਕੀਤੀ ਗਈ ਛੇੜਖਾਨੀ ਦੇ ਬਾਅਦ ਬਹੁਤ ਹੰਗਾਮਾ ਹੋਇਆ । ਸ਼ੁਭਨੀਤ ਦੇ ਪੋਸਟਰ ਵੀ ਭਾਰਤੀਆਂ ਵੱਲੋਂ ਪਾੜ ਦਿੱਤੇ ਗਏ ਅਤੇ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ । ਇਸੇ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ੁੱਭਨੀਤ ਉਰਫ ਸ਼ੁੱਭ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਨਾ ਛੱਡ ਦਿੱਤਾ ਸੀ ।

ਇਹ ਭਾਰਤੀ ਗਾਇਕ ਵੀ ਨਿਸ਼ਾਨੇ ‘ਤੇ

ਨਿੱਝਰ ਦੇ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਝ ਹੋਰ ਪੰਜਾਬੀ ਗਾਇਕ ਵੀ ਨਿਸ਼ਾਨੇ ‘ਤੇ ਹਨ । ਜਿਸ ਵਿੱਚ ਜੈਜ਼ੀ ਬੀ ਅਤੇ ਰੈਪਰ ਹਾਰਡ ਕੌਰ ਦਾ ਨਾਂ ਸਭ ਤੋਂ ਉੱਤੇ ਹੈ । ਦੋਵਾਂ ਦੇ ਖਾਲਿਸਤਾਨ ਦੀ ਹਮਾਇਤ ਵਿੱਚ ਪੁਰਾਣੇ ਬਿਆਨ  ਕਾਫੀ ਵਾਇਰਲ ਹੋ ਰਹੇ ਹਨ ।