India Punjab

ਪੰਜਾਬੀਆਂ ਦੇ ਸਿਰ ‘ਤੇ ਕਰਜ਼ੇ ਦੀ ਪੰਡ, ਜੁਲਾਈ-ਸਤੰਬਰ ਦੌਰਾਨ 8,500 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰੇਗੀ ਪੰਜਾਬ ਸਰਕਾਰ

ਮੁਹਾਲੀ : ਪੰਜਾਬ ਸਰਕਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਜੁਲਾਈ ਤੋਂ ਸਤੰਬਰ 2025 ਤੱਕ ਬਾਜ਼ਾਰ ਉਧਾਰ ਦੀ ਮਨਜ਼ੂਰੀ ਦੇ ਦਿੱਤੀ ਹੈ। ਦਿ ਟ੍ਰਿਬਿਊਨ ਦੀ ਨਸ਼ਰ ਕੀਤੀ ਇੱਕ ਖ਼ਬਰ ਦੇ ਅਨੁਸਾਰ, ਨਕਦੀ ਦੀ ਤੰਗੀ ਦਾ ਸਾਹਮਣਾ ਕਰ ਰਹੀ ਸਰਕਾਰ ਜੁਲਾਈ ਵਿੱਚ 2,000 ਕਰੋੜ, ਅਗਸਤ ਵਿੱਚ 3,000 ਕਰੋੜ ਅਤੇ ਸਤੰਬਰ ਵਿੱਚ 3,500 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰੇਗੀ।

ਇਸ ਨਾਲ ਚੱਲ ਰਹੇ ਵਿੱਤੀ ਸਾਲ ਵਿੱਚ ਸੂਬੇ ਦਾ ਕੁੱਲ ਕਰਜ਼ਾ 14,741.92 ਕਰੋੜ ਰੁਪਏ ਹੋ ਜਾਵੇਗਾ, ਕਿਉਂਕਿ ਅਪ੍ਰੈਲ ਅਤੇ ਮਈ ਵਿੱਚ ਸਰਕਾਰ ਨੇ 6,241.92 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਹੀ ਲੈ ਲਿਆ ਸੀ। ਸਰਕਾਰ ਨੇ ਇਸ ਸਾਲ 34,201.11 ਕਰੋੜ ਰੁਪਏ ਦੇ ਕਰਜ਼ੇ ਦਾ ਟੀਚਾ ਰੱਖਿਆ ਹੈ। ਮਾਰਚ 2026 ਤੱਕ ਸੂਬੇ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ 3 ਕਰੋੜ ਦੀ ਆਬਾਦੀ ’ਤੇ ਪ੍ਰਤੀ ਵਿਅਕਤੀ 1.33 ਲੱਖ ਰੁਪਏ ਦਾ ਕਰਜ਼ਾ ਹੋਵੇਗਾ।

ਵਿੱਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਉਧਾਰ ਆਰ.ਬੀ.ਆਈ. ਦੀ ਮਨਜ਼ੂਰ ਸੀਮਾ ਅੰਦਰ ਹਨ ਅਤੇ ਸਭ ਤੋਂ ਘੱਟ ਵਿਆਜ ਦਰ ’ਤੇ ਲਏ ਜਾ ਰਹੇ ਹਨ। ਮਾਰਚ 2024 ਤੱਕ ਸੂਬੇ ਦਾ ਬਕਾਇਆ ਕਰਜ਼ਾ 3.82 ਲੱਖ ਕਰੋੜ ਰੁਪਏ ਸੀ, ਜੋ ਕਿ ਰਾਜ ਦੇ ਕੁੱਲ ਘਰੇਲੂ ਉਤਪਾਦ (GSDP) ਦਾ 44% ਤੋਂ ਵੱਧ ਹੈ। ਸੰਸਦ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੀ ਰਿਪੋਰਟ ਮੁਤਾਬਕ, ਪੰਜਾਬ ਦਾ ਕਰਜ਼ਾ-ਤੋਂ-GSDP ਅਨੁਪਾਤ ਦੇਸ਼ ਵਿੱਚ ਦੂਜੇ ਸਥਾਨ ’ਤੇ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ (ਅਪ੍ਰੈਲ-ਮਈ) ਵਿੱਚ ਸੂਬੇ ਦਾ ਮਾਲੀਆ ਘਾਟਾ 5,513.65 ਕਰੋੜ ਰੁਪਏ ਰਿਹਾ, ਜਿੱਥੇ ਮਾਲੀਆ ਪ੍ਰਾਪਤੀ 12,903.04 ਕਰੋੜ ਅਤੇ ਖਰਚ 18,416.69 ਕਰੋੜ ਰੁਪਏ ਸੀ।

ਉੱਘੇ ਅਰਥਸ਼ਾਸਤਰੀ ਆਰ.ਐਸ. ਘੁੰਮਣ ਨੇ ਚਿਤਾਵਨੀ ਦਿੱਤੀ ਕਿ ਭਾਵੇਂ ਉਧਾਰ ਆਰ.ਬੀ.ਆਈ. ਦੀ ਸੀਮਾ ਅੰਦਰ ਹੈ, ਪਰ ਭਾਰੀ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਸਰਕਾਰ ਨੂੰ ਦਰਮਿਆਨੇ ਅਤੇ ਲੰਮੇ ਸਮੇਂ ਦਾ ਰੋਡਮੈਪ ਬਣਾਉਣਾ ਚਾਹੀਦਾ। ਉਨ੍ਹਾਂ ਅਨੁਸਾਰ, ਸੂਬੇ ਦਾ ਨਿਵੇਸ਼-ਜੀ.ਡੀ.ਪੀ. ਅਨੁਪਾਤ ਰਾਸ਼ਟਰੀ ਔਸਤ ਤੋਂ ਕਾਫੀ ਘੱਟ ਹੈ, ਜੋ ਨਿਵੇਸ਼ ਦੀ ਘਾਟ ਨੂੰ ਦਰਸਾਉਂਦਾ ਹੈ।

ਕਦੋਂ ਕਿੰਨਾ ਕਰਜ਼ਾ ਚੁੱਕਿਆ ਜਾਵੇਗਾ..

ਕਰਜ਼ਾ ਲੈਣ ਦੀ ਤਰੀਕ ਕਰਜ਼ੇ ਦੀ ਰਾਸ਼ੀ

8 ਜੁਲਾਈ               500 ਕਰੋੜ

15 ਜੁਲਾਈ        500 ਕਰੋੜ

22 ਜੁਲਾਈ         500 ਕਰੋੜ

29 ਜੁਲਾਈ        500 ਕਰੋੜ

5 ਅਗਸਤ        1500 ਕਰੋੜ

12 ਅਗਸਤ         1000 ਕਰੋੜ

19 ਅਗਸਤ        500 ਕਰੋੜ

2 ਸਤੰਬਰ               1500 ਕਰੋੜ

9 ਸਤੰਬਰ               500 ਕਰੋੜ

23 ਸਤੰਬਰ        500 ਕਰੋੜ

30 ਸਤੰਬਰ               1000 ਕਰੋੜ