ਬ੍ਰਿਟੇਨ (Britain) ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਅਤੇ ਯੂਕੇ ਪੁਲਿਸ ਦਾ ਸਾਹਮਣਾ ਹੁੰਦਾ ਰਹਿੰਦਾ ਹੈ। ਬ੍ਰਿਟੇਨ ਦੇ ਪੀਐਮ ਇਕ ਵਾਰ ਫਿਰ ਆਪਣੇ ਪਾਲਤੂ ਕੁੱਤੇ ਕਾਰਨ ਮੁਸੀਬਤ ਵਿਚ ਫਸ ਗਏ।
ਅਸਲ ਵਿਚ, ਸੁਨਕ ਅਤੇ ਉਸ ਦੇ ਪਰਿਵਾਰ ਨੂੰ ਹਾਲ ਹੀ ਵਿਚ ਸੈਂਟਰਲ ਲੰਡਨ ਦੇ ਹਾਈਡ ਪਾਰਕ ਵਿਚ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਂਦੇ ਹੋਏ ਦੇਖਿਆ ਗਿਆ ਸੀ। ਜਿੱਥੇ ਪਾਰਕ ਵਿਚ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਇੱਥੇ ਸੈਰ ਕਰਨ ਸਮੇਂ ਆਪਣੇ ਪਾਲਤੂ ਜਾਨਵਰਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਣਾ ਜ਼ਰੂਰੀ ਹੈ।
ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ ਇਸ ਤੋਂ ਪਹਿਲਾਂ ਸੁਨਕ ਉਤੇ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਨ ਅਤੇ ਸੀਟ ਬੈਲਟ ਤੋਂ ਬਿਨਾਂ ਕਾਰ ਚਲਾਉਣ ਲਈ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਟਿਕਟੋਕ ਉਤੇ ਪੋਸਟ ਕੀਤੀ ਗਈ ਵੀਡੀਓ ‘ਚ ਰਿਸ਼ੀ ਸੁਨਕ ਨੂੰ ਪਾਲਤੂ ਕੁੱਤੇ ਨੋਵਾ ਨਾਲ ਬਿਨਾਂ ਪਟੇ ਦੇ ਤੁਰਦੇ ਦੇਖਿਆ ਜਾ ਸਕਦਾ ਹੈ। ਮੈਟਰੋਪੋਲੀਟਨ ਪੁਲਿਸ ਨੂੰ ਦੇਖ ਕੇ ਕੁੱਤਾ ਭੌਂਕਣ ਲੱਗ ਪੈਂਦਾ ਹੈ।
ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਦਾ ਜ਼ਿਕਰ ਕਰਦੇ ਹੋਏ ਪੁਲਿਸ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ, ‘ਉਸ ਸਮੇਂ ਮੌਜੂਦ ਇਕ ਅਧਿਕਾਰੀ ਨੇ ਗੱਲ ਕੀਤੀ ਅਤੇ ਨਿਯਮਾਂ ਨੂੰ ਯਾਦ ਕਰਵਾਇਆ। ਜਿਸ ਤੋਂ ਬਾਅਦ ਕੁੱਤੇ ਨੂੰ ਪੱਟੇ ਨਾਲ ਬੰਨ੍ਹ ਦਿੱਤਾ ਗਿਆ। ਹਾਲਾਂਕਿ ਰਿਸ਼ੀ ਸੁਨਕ ਦੇ ਬੁਲਾਰੇ ਨੇ ਇਸ ਮਾਮਲੇ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਡਾਊਨਿੰਗ ਸਟ੍ਰੀਟ ਨੇ ਇਸੇ ਤਰ੍ਹਾਂ ਇਸ ਹਫਤੇ ਦੀਆਂ ਰਿਪੋਰਟਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿੱਥੇ ਇਹ ਦਾਅਵਾ ਕੀਤਾ ਗਿਆ ਸੀ ਕਿ ਰਿਸ਼ੀ ਸੁਨਕ ਨੇ ਆਪਣੇ ਸਵਿਮਿੰਗ ਪੂਲ ਨੂੰ ਗਰਮ ਰੱਖਣ ਲਈ ਆਪਣੀ ਬਿਜਲੀ ਸਪਲਾਈ ਨੂੰ ਅਪਗ੍ਰੇਡ ਕੀਤਾ ਹੈ।
ਇਸ ਤੋਂ ਪਹਿਲਾਂ ਜੂਨ 2020 ਵਿੱਚ, ਡਾਊਨਿੰਗ ਸਟ੍ਰੀਟ ਵਿੱਚ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ, ਉਸਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਸੀ। ਸੁਨਕ ਉਸ ਸਮੇਂ ਬੋਰਿਸ ਜਾਨਸਨ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ। ਉਸ ‘ਤੇ ਸਮਾਜਿਕ ਦੂਰੀ ‘ਤੇ ਸਰਕਾਰ ਦੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਚੱਲਦੀ ਕਾਰ ‘ਚ ਸੀਟਬੈਲਟ ਨਾ ਲਗਾਉਣ ‘ਤੇ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਗਿਆ ਸੀ।