Punjab

ਇਕਲੌਤੇ ਪੁੱਤਰ ਦਾ ਲੱਗਿਆ ਹੋਇਆ ਸੀ ਵੀਜ਼ਾ,ਜਹਾਜ਼ ‘ਚ ਬੈਠਣ ਦੀ ਬਜਾਏ ਹੋਇਆ ਦੁਨੀਆ ਤੋਂ ਹੀ ਰੁਖਸਤ  

ਨਾਭਾ : ਪਟਿਆਲਾ ਦੇ ਨਾਭਾ ਇਲਾਕੇ  ਵਿੱਚ ਉਸ ਵੇਲੇ ਸਨਸਨੀ ਫੈਲ ਗਈ,ਜਦੋਂ ਲਾਗੇ ਪੈਂਦੇ ਪਿੰਡ ਲੋਹਾਰ ਮਾਜਰਾ ਦੇ ਹੀ ਇੱਕ ਨੌਜਵਾਨ ਦੀ ਲਾਸ਼ ਪਿੰਡ ਦੇ ਰਜ਼ਵਾਹੇ ਕੋਲੋਂ ਮਿਲੀ। ਮ੍ਰਿਤਕ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਕਮਲਪ੍ਰੀਤ ਵਜੋਂ ਹੋਈ ਹੈ ਤੇ ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਤੇ ਕੁਝ ਸਮੇਂ ਬਾਅਦ ਉਸ ਨੇ ਆਸਟ੍ਰੇਲੀਆ ਜਾਣਾ ਸੀ।

ਕਮਲਪ੍ਰੀਤ ਦੇ ਪਿਤਾ ਦੇ ਦੱਸਣ ਮੁਤਾਬਿਕ ਕੱਲ੍ਹ ਉਹ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਿਆ ਸੀ। ਉਹਨਾਂ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਉਸ ਦੇ ਦੋਸਤਾਂ ਨੇ ਹੀ ਕਮਲਪ੍ਰੀਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦਾ ਪੁੱਤਰ ਕੱਲ੍ਹ 12 ਵਜੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਨੇ ਨਾਭੇ ਜਾਣਾ ਹੈ। ਪਰਿਵਾਰ ਉਸ ਵੇਲੇ ਸਰ੍ਹੋਂ ਵੱਢਣ ਵਿੱਚ ਰੁਝਿਆ ਹੋਇਆ ਸੀ।  ਸ਼ਾਮ 5 ਵਜੇ ਕਮਲਪ੍ਰੀਤ ਨੇ ਫ਼ੋਨ ਕਰ ਕੇ ਉਹਨਾਂ ਪੈਸੇ ਪਾਉਣ ਲਈ ਕਿਹਾ ਸੀ ਕਿਉਂਕਿ ਉਸ ਦਾ ਸਾਈਕਲ ਖਰਾਬ ਹੋ ਗਿਆ ਸੀ। ਇਸ ਤੋਂ ਬਾਅਦ ਮੀਂਹ ਸ਼ੁਰੂ ਹੋ ਜਾਣ ਤੇ ਕਮਲ ਨੇ ਘਰੇ ਫੋਨ ਕਰ ਕੇ ਆਪਣੇ ਦੋਸਤ ਕੋਲ ਰੁਕਣ ਦੀ ਗੱਲ ਕਹੀ ਤੇ ਆਉਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਉਸ ਦੀ ਸਵੇਰੇ ਲਾਸ਼ ਹੀ ਬਰਾਮਦ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਬੇਟਾ ਪੜ੍ਹਾਈ ਵਿੱਚ ਚੰਗਾ ਸੀ ਤੇ ਉਸ ਨੇ ਆਈਲੈਟਸ ਵੀ ਕੀਤੀ ਹੋਈ ਸੀ। ਕਮਲਪ੍ਰੀਤ ਦਾ ਆਸਟਰੇਲੀਆ ਦਾ ਵੀਜ਼ਾ ਆ ਚੁੱਕਾ ਸੀ ਤੇ ਆਉਣ ਵਾਲੀ 3 ਜੁਲਾਈ ਨੂੰ ਉਸ ਦੀਆਂ ਕਲਾਸਾਂ ਸ਼ੁਰੂ ਸਨ ।

ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਝਗੜੇ ਦੇ ਚੱਲਦਿਆਂ ਦੋਸਤਾਂ ਨੇ ਹੀ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ  ਹੈ। ਉਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕਾ ਦੇਖਣ ਤੇ ਲਗਦਾ ਹੈ ਕਿ ਇਹ ਅੰਨ੍ਹਾ ਕਤਲ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਰੇ ਜਾਣ ਵਾਲੇ ਦੇ ਸਰੀਰ ‘ਤੇ ਕੱਪੜੇ ਵੀ ਨਹੀਂ ਸਨ। ਮੌਕੇ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਪਿੱਛਿਓਂ ਲੜਦੇ ਹੋਏ ਇਥੇ ਆਏ ਤੇ ਇੱਥੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੇ ਸ਼ਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ।

ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਨਾਭਾ ਸਦਰ ਥਾਣਾ ਦੀ ਪੁਲਿਸ ਨੇ ਪੰਜ ਲੋਕਾਂ  ਵਿਰੁੱਧ ਕੇਸ ਦਰਜ ਕਰ ਲਿਆ ਹੈ।