ਤਰਨਤਾਰਨ ‘ਚ ਦੋ ਦਿਨਾਂ ਤੋਂ ਲਾਪਤਾ ਹੋਏ 3 ਸਾਲਾ ਗੁਰਸੇਵਕ ਸਿੰਘ ਦੀ ਲਾਸ਼ ਭੱਠਲ ਭਾਈ ਦੇ ਸੂਏ ‘ਚੋਂ ਮਿਲੀ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਹੁਣ ਬਰਾਮਦ ਕਰ ਲਈ ਗਈ ਹੈ, ਜਿਸ ਦੀ ਪਛਾਣ ਕਰਵਾਉਣ ਲਈ ਪਿਓ ਨੂੰ ਹੱਥਕੜੀਆਂ ਲਗਾ ਕੇ ਘਟਨਾ ਵਾਲੀ ਜਗ੍ਹਾ ਉੱਤੇ ਲਿਆਂਦਾ ਗਿਆ। ਮੰਗਲਵਾਰ ਸਵੇਰੇ ਪਿੰਡ ਵਾਸੀਆਂ ਨੇ ਨਾਲੇ ਦੀਆਂ ਝਾੜੀਆਂ ‘ਚ ਲਾਸ਼ ਪਈ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਜਾਂਚ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ਵਿੱਚ ਪਿਤਾ ਨੂੰ ਆਪਣੇ ਪੁੱਤਰ ਗੁਰਸੇਵਕ ਨੂੰ ਬਾਈਕ ‘ਤੇ ਬਿਠਾ ਕੇ ਲਿਜਾਂਦਾ ਦਿਖਾਇਆ ਗਿਆ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ SHO ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਬੱਚੇ ਦੇ ਪਿਓ ਨੇ ਪਹਿਲਾਂ ਆਪ ਹੀ ਦਰਖਾਸਤ ਦਿੱਤੀ ਕਿ ਉਸ ਦੇ ਪੁੱਤਰ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ।
ਪਿਤਾ ਦਾ ਕਹਿਣਾ ਸੀ ਕਿ ਉਹ ਆਪਣੇ ਪੁੱਤਰ ਨਾਲ ਜਦੋਂ ਆਪਣੀ ਭੈਣ ਦੇ ਘਰ ਜਾ ਰਿਹਾ ਸੀ ਤਾਂ ਪਿੱਛੋਂ ਕਾਲੀ ਗੱਡੀ ਵਿੱਚ ਕੁੱਝ ਬਦਮਾਸ਼ ਆਏ ਅਤੇ ਉਸ ਕੋਲੋਂ ਮੋਬਾਈਲ ਖੋਹ ਲਿਆ। ਜਾਂਦੇ-ਜਾਂਦੇ ਉਸਦੇ 3 ਸਾਲਾਂ ਪੁੱਤਰ ਨੂੰ ਵੀ ਨਾਲ ਲੈ ਗਏ। ਪਰ ਜਦੋਂ ਪੁਲਿਸ ਨੇ ਪੁੱਛ-ਗਿੱਛ ਕੀਤੀ ਤਾਂ ਪਿਓ ਦੀਆਂ ਦੱਸੀਆਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਲੱਗੀ।
ਜਿਸ ਤੋਂ ਬਾਅਦ ਸਖ਼ਤੀ ਕਰਨ ਉੱਤੇ ਪੁਲਿਸ ਸਾਹਮਣੇ ਪਿਓ ਨੇ ਮੰਨਿਆ ਕਿ ਉਸ ਨੇ ਹੀ ਆਪਣੇ ਪੁੱਤਰ ਦਾ ਕਤਲ ਕੀਤਾ ਹੈ। ਕਤਲ ਗਲ਼ਾ ਕੁੱਟ ਕੇ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੇ ਮਾਸੂਮ ਦੀ ਲਾਸ਼ ਪਿੰਡ ਭੱਠਲ ਭਾਈਕੇ ਨਜ਼ਦੀਕ ਸੂਏ ਵਿੱਚ ਸੁੱਟ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਪਿਆਂ ਹਵਾਲੇ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਪਿੰਡ ਰੈਸ਼ੀਆਣਾ ਦੇ ਰਹਿਣ ਵਾਲੇ ਪਿਤਾ ਅੰਗਰੇਜ਼ ਸਿੰਘ ਨੇ ਐਤਵਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 3 ਸਾਲ ਦੇ ਪੁੱਤਰ ਗੁਰਸੇਵਕ ਸਿੰਘ ਨਾਲ ਮੋਟਰਸਾਈਕਲ ‘ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲਿਆਂ ਵਾਲਾ ਜਾ ਰਿਹਾ ਸੀ ਤਾਂ ਰਸਤੇ ਵਿੱਚ 3 ਅਣਪਛਾਤੇ ਕਾਰ ਸਵਾਰ ਉਸ ਦੇ ਪੁੱਤਰ ਗੁਰਸੇਵਕ ਨੂੰ ਮੋਬਾਈਲ ਫ਼ੋਨ ਅਤੇ 300 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ । ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਕਰ ਦਿੱਤਾ ਸੀ ਅਤੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਗੁਰਸੇਵਕ ਦੀ ਫ਼ੋਟੋ ਭੇਜ ਦਿੱਤੀ ਸੀ । ਮੁਲਜ਼ਮ ਪਿਤਾ ਅੰਗਰੇਜ਼ ਸਿੰਘ ਨੇ ਪੁੱਤਰ ਦਾ ਕਤਲ ਕਿਉਂ ਕੀਤਾ ਹੁਣ ਤੱਕ ਇਹ ਸਾਫ਼ ਨਹੀਂ ਹੋ ਪਾਇਆ ਹੈ । ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ ਸਿੰਘ ਦੀ 12 ਸਾਲ ਦੀ ਧੀ ਵੀ ਹੈ ਅਤੇ 9 ਸਾਲ ਬਾਅਦ ਉਸ ਦੇ ਘਰ ਗੁਰਸੇਵਕ ਅੰਗਰੇਜ਼ ਸਿੰਘ ਦੇ ਘਰ ਹੋਇਆ ਸੀ।