ਅਮਰੀਕਾ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ। ਇਸ ਸਾਲ ਅਮਰੀਕਾ ਵਿੱਚ ਮ੍ਰਿਤ ਮਿਲੇ ਵਿਦਿਆਰਥੀ ਦਾ ਇਹ ਪੰਜਵਾਂ ਮਾਮਲਾ ਹੈ। ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਵਿੱਚ ਡਾਕਟਰੇਟ ਕਰ ਰਹੇ ਸਮੀਰ ਕਾਮਤ ਦੀ ਲਾਸ਼ ਮਿਲੀ ਹੈ। 23 ਸਾਲਾ ਨੌਜਵਾਨ ਨੇ ਅਗਸਤ 2023 ਵਿੱਚ ਮਕੈਨੀਕਲ ਇੰਜਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ ਸੀ ਅਤੇ ਉਸ ਕੋਲ ਅਮਰੀਕੀ ਨਾਗਰਿਕਤਾ ਸੀ। ਉਹ 2025 ਵਿੱਚ ਆਪਣੀ ਡਾਕਟਰੇਟ ਪੂਰੀ ਕਰਨ ਵਾਲਾ ਸੀ।
ਖ਼ਬਰ ਏਜੰਸੀ ‘ਦਿ ਪਰਡਿਊ ਐਕਸਪੋਨੈਂਟ’ ਮੁਤਾਬਕ, ਮਕੈਨੀਕਲ ਇੰਜਨੀਅਰਿੰਗ ਵਿੱਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਸਮੀਰ ਕਾਮਤ (23) ਸੋਮਵਾਰ ਨੂੰ ਵਾਰੇਨ ਕਾਊਂਟੀ ਵਿੱਚ ਮ੍ਰਿਤ ਪਾਇਆ ਗਿਆ। ਏਜੰਸੀ ਨੇ ਵਾਰੇਨ ਕਾਊਂਟੀ ਕੋਰੋਨਰ ਜਸਟਿਨ ਬਰੱਮੈਟ ਦੇ ਹਵਾਲੇ ਨਾਲ ਦੱਸਿਆ ਕਿ ਕਾਮਤ ਦੀ ਲਾਸ਼ ਕਰੋ’ਜ਼ ਗਰੋਵ ਵਿੱਚ ਮਿਲੀ। ਮੈਸੇਚਿਊਸਟਸ ਯੂਨੀਵਰਸਿਟੀ ਐਮਹਰਸਟ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਬੈਚਲਰ ਡਿਗਰੀ ਲੈਣ ਤੋਂ ਬਾਅਦ ਕਾਮਤ ਨੇ 2021 ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉਸ ਨੂੰ ਡਾਕਟਰੇਟ ਦੀ ਡਿਗਰੀ ਮਿਲਣੀ ਸੀ। ਉੱਧਰ ਸ਼ਿਕਾਗੋ ਵਿਚ ਅਣਪਛਾਤਿਆਂ ਦੇ ਹਮਲੇ ਦਾ ਸ਼ਿਕਾਰ ਬਣਿਆ ਭਾਰਤੀ ਆਈਟੀ ਵਿਦਿਆਰਥੀ ਸੱਯਦ ਮਜ਼ਾਹਿਰ ਅਲੀ ਹੈਦਰਾਬਾਦ ਨਾਲ ਸਬੰਧਿਤ ਹੈ।
ਸ਼ਿਕਾਗੋ ਸਥਿਤ ਭਾਰਤੀ ਕੌਂਸੁਲੇਟ ਨੇ ਅਲੀ ਤੇ ਭਾਰਤ ਰਹਿੰਦੀ ਉਸ ਦੀ ਪਤਨੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਕੌਂਸੁਲੇਟ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਅਥਾਰਿਟੀਜ਼ ਦੇ ਸੰਪਰਕ ਵਿੱਚ ਹੈ। ਇਸ ਦੌਰਾਨ ਅਲੀ ਦੀ ਪਤਨੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੱਕ ਪਹੁੰਚ ਕਰਕੇ ਆਪਣੇ ਤਿੰਨ ਨਾਬਾਲਗ ਬੱਚਿਆਂ ਨਾਲ ਅਮਰੀਕਾ ਜਾਣ ਲਈ ਮਦਦ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ਵਿੱਚ 4 ਫਰਵਰੀ ਦੀ ਰਾਤ ਨੂੰ ਤਿੰਨ ਵਿਅਕਤੀ ਅਲੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਐਕਸ ’ਤੇ ਪੋਸਟ ਇਕ ਵੱਖਰੀ ਵੀਡੀਓ ਵਿੱਚ ਅਲੀ, ਜਿਸ ਦਾ ਨੱਕ ਤੇ ਮੂੰਹ ਖ਼ੂਨ ਨਾਲ ਲੱਥਪੱਥ ਹੈ ਤੇ ਉਸ ਦੇ ਸਾਰੇ ਕੱਪੜਿਆਂ ’ਤੇ ਖ਼ੂਨ ਦੇ ਧੱਬੇ ਹਨ, ਆਪਣੀ ਹੱਡਬੀਤੀ ਦੱਸਦਾ ਨਜ਼ਰ ਆ ਰਿਹਾ ਹੈ।
ਅਲੀ, ਜੋ ਛੇ ਮਹੀਨੇ ਪਹਿਲਾਂ ਹੀ ਹੈਦਰਾਬਾਦ ਤੋਂ ਅਮਰੀਕਾ ਆਇਆ ਸੀ, ਨੇ ਏਬੀਸੀ7 ਆਈਵਿਟਨੈੱਸ ਨਿਊਜ਼ ਨੂੰ ਦੱਸਿਆ ਕਿ ਹਮਲਾਵਰਾਂ ਵਿਚੋਂ ਇਕ ਨੇ ਉਸ ’ਤੇ ਬੰਦੂਕ ਵੀ ਤਾਣੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਪੁਲਿਸ ਨੇ ਅਜੇ ਤੱਕ ਕਿਸੇ ਵੀ ਮਸ਼ਕੂਕ ਨੂੰ ਹਿਰਾਸਤ ਵਿਚ ਨਹੀਂ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।