India

ਛੱਤੀਸਗੜ੍ਹ ਦੇ ਇਤਿਹਾਸ ‘ਚ ਸੁਰੱਖਿਆ ਬਲਾਂ ਦਾ ਸਭ ਤੋਂ ਵੱਡਾ ਆਪਰੇਸ਼ਨ, 31 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ, ਇਕ ਜਵਾਨ ਜ਼ਖਮੀ

4 ਅਕਤੂਬਰ… ਛੱਤੀਸਗੜ੍ਹ ਸ਼ਾਇਦ ਇਸ ਦਿਨ ਅਤੇ ਤਾਰੀਖ ਨੂੰ ਕਦੇ ਨਹੀਂ ਭੁੱਲੇਗਾ। ਇਹ ਉਹੀ ਦਿਨ ਹੈ ਜਦੋਂ ਦਾਂਤੇਵਾੜਾ-ਨਰਾਇਣਪੁਰ ਜ਼ਿਲ੍ਹੇ ਦੀ ਸਰਹੱਦ ‘ਤੇ ਸੁਰੱਖਿਆ ਕਰਮੀਆਂ ਨੇ ਨਕਸਲੀਆਂ ਵਿਰੁੱਧ ਹੁਣ ਤੱਕ ਦਾ ਸਭ ਤੋਂ ਵੱਡਾ ਅਭਿਆਨ ਚਲਾਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ‘ਚ 1000 ਤੋਂ ਜ਼ਿਆਦਾ ਜਵਾਨ ਸ਼ਾਮਲ ਸਨ। ਮੁਕਾਬਲੇ ‘ਚ ਜਵਾਨਾਂ ਨੇ 31 ਨਕਸਲੀਆਂ ਨੂੰ ਮਾਰ ਮੁਕਾਇਆ ਅਤੇ ਉਨ੍ਹਾਂ ਦੀਆਂ ਸਾਰੀਆਂ ਲਾਸ਼ਾਂ ਬਰਾਮਦ ਕੀਤੀਆਂ। ਸਿਪਾਹੀ ਕਈ ਪਹਾੜਾਂ ਅਤੇ ਦਰਿਆਵਾਂ ਨੂੰ ਪਾਰ ਕਰਦੇ ਹੋਏ ਨਕਸਲੀਆਂ ਦੇ ਮੁੱਖ ਖੇਤਰ ਤੱਕ ਪਹੁੰਚ ਗਏ। ਲਥੂਲੀ ਅਤੇ ਨੇਂਦੂਰ ਇਲਾਕਿਆਂ ‘ਚ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਐਸਟੀਐਫ ਨੇ ਡੀਆਰਜੀ ਦਾਂਤੇਵਾੜਾ ਅਤੇ ਨਰਾਇਣਪੁਰ ਨਾਲ ਮਿਲ ਕੇ ਇਹ ਸੰਯੁਕਤ ਆਪ੍ਰੇਸ਼ਨ ਕੀਤਾ ਹੈ।

ਮਾਰੇ ਗਏ ਸਾਰੇ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਮੁਲਾਜ਼ਮ 3-4 ਪਹਾੜਾਂ ਅਤੇ ਨਦੀਆਂ-ਨਾਲਿਆਂ ਨੂੰ ਪਾਰ ਕਰਦੇ ਹੋਏ ਨਕਸਲੀਆਂ ਦੇ ਟਿਕਾਣੇ ਤੱਕ ਪਹੁੰਚ ਗਏ।

ਇਕ ਮੈਂਬਰ ਸਮੇਤ ਪੂਰਬੀ ਬਸਤਰ ਡਿਵੀਜ਼ਨ ਕਮੇਟੀ ਦੀ ਆਗੂ ਨੀਤੀ ਦੀ ਮੌਤ ਹੋਣ ਦੀ ਖ਼ਬਰ ਹੈ। ਨੀਤੀ ‘ਤੇ 8 ਤੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਫੌਜੀ ਅਜੇ ਵੀ ਮੌਕੇ ‘ਤੇ ਮੌਜੂਦ ਹਨ। ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮਾਰੇ ਗਏ ਮਾਓਵਾਦੀਆਂ ਦੀ ਗਿਣਤੀ ਵਧ ਸਕਦੀ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਨਕਸਲ ਵਿਰੋਧੀ ਅਪਰੇਸ਼ਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਾਂਕੇਰ ਵਿੱਚ 29 ਮਾਓਵਾਦੀ ਮਾਰੇ ਗਏ ਸਨ।

ਤਲਾਸ਼ੀ ਲੈਣ ‘ਤੇ ਜਵਾਨਾਂ ਨੂੰ ਮੌਕੇ ਤੋਂ ਐਲਐਮਜੀ ਰਾਈਫਲ, ਏਕੇ 47, ਐਸਐਲਆਰ, ਇੰਸਾਸ.303 ਰਾਈਫਲ ਅਤੇ ਹੋਰ ਕਈ ਹਥਿਆਰ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਠਭੇੜ ‘ਚ ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ ਦੇ ਨੇਤਾ ਕਮਲੇਸ਼, ਨੀਤੀ, ਕਮਾਂਡਰ ਨੰਦੂ, ਸੁਰੇਸ਼ ਸਲਾਮ, ਮਲੇਸ਼, ਵਿਮਲਾ ਸਮੇਤ ਕਈ ਨਕਸਲੀ ਮਾਰੇ ਗਏ ਹਨ। ਮੁਕਾਬਲੇ ‘ਚ 1 ਡੀਆਰਜੀ ਜਵਾਨ ਜ਼ਖਮੀ ਹੋ ਗਿਆ ਹੈ। ਫਿਲਹਾਲ ਉਨ੍ਹਾਂ ਦਾ ਰਾਏਪੁਰ ‘ਚ ਇਲਾਜ ਚੱਲ ਰਿਹਾ ਹੈ।