Punjab

ਹਾਈਕੋਰਟ ਦੀ ਫਟਕਾਰ ਪਿੱਛੋਂ ਮਾਨ ਸਰਕਾਰ ਨੇ 3 ਸੂਚਨਾ ਕਮਿਸ਼ਨਰ ਕੀਤੇ ਨਿਯੁਕਤ! RTI ਤਹਿਤ ਜਾਣਕਾਰੀ ਮਿਲਣ ’ਚ ਹੋ ਰਹੀ ਸੀ ਦੇਰੀ

ਬਿਉਰੋ ਰਿਪੋਰਟ – ਪੰਜਾਬ ਵਿੱਚ 10 ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀਆਂ ਨੂੰ ਲੈ ਕੇ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਵਿਰੋਧੀ ਧਿਰ ਵਾਰ-ਵਾਰ ਸਰਕਾਰ ਨੂੰ ਘੇਰ ਰਿਹਾ ਸੀ ਕਿਉਂਕਿ ਕਈ ਅਰਜ਼ੀਆਂ ਲੰਬਿਤ ਸਨ ਅਤੇ ਜਾਣਕਾਰੀ ਮਿਲਣ ਵਿੱਚ ਕਾਫੀ ਦੇਰੀ ਹੋ ਰਹੀ ਸੀ। ਸਿਰਫ ਮੁੱਖ ਸੂਚਨਾ ਕਮਿਸ਼ਨਰ ਦੀ ਨਿਯੁਕਤੀ ਹੋਈ ਸੀ। ਪਰ ਹੁਣ ਸੂਬਾ ਸਰਕਾਰ ਨੇ 10 ਵਿੱਚੋਂ ਤਿੰਨ ਸੂਚਨਾ ਕਮਿਸ਼ਨਰ ਨਿਯੁਕਤ ਕੀਤੇ ਹਨ।

ਇਨ੍ਹਾਂ ਵਿੱਚ ਸੰਦੀਪ ਸਿੰਘ, ਵਰਿੰਦਰਜੀਤ ਸਿੰਘ ਅਤੇ ਡਾ: ਭੁਪਿੰਦਰ ਸਿੰਘ ਸ਼ਾਮਲ ਹਨ। ਤਿੰਨ ਸੂਚਨਾ ਕਮਿਸ਼ਨਰਾਂ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁਕਾਈ। ਇਸ ਮੌਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ।

ਪੰਜਾਬ ਦੇ ਸੂਚਨਾਂ ਕਮਿਸ਼ਨਰਾਂ ਦੀ ਖਾਲੀ ਪਈ ਅਸਾਮੀਆਂ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵੀ ਪਹੁੰਚਿਆ ਸੀ। ਪਟੀਸ਼ਨਕਰਤਾ ਨੇ ਕਿਹਾ ਸੀ ਕਿ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਸੂਚਨਾ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ।

ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਨਾ ਹੋਣ ਕਰਕੇ ਸ਼ਿਕਾਇਤਾਂ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਹੋ ਰਿਹਾ। ਆਖ਼ਰੀ ਸੂਚਨਾ ਕਮਿਸ਼ਨਰ ਅਪ੍ਰੈਲ 2021 ਵਿੱਚ ਨਿਯੁਕਤ ਕੀਤਾ ਗਿਆ ਸੀ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਸੂਚਨਾ ਕਮਿਸ਼ਨਰਾਂ ਦੀ ਸਾਰੀ ਪ੍ਰਕਿਰਿਆ 30 ਅਗਸਤ ਤੱਕ ਮੁਕੰਮਲ ਕਰ ਲਈ ਜਾਵੇਗੀ। ਅਦਾਲਤ ਨੇ ਪਟੀਸ਼ਨਰ ਨੂੰ ਕਿਹਾ ਸੀ ਕਿ ਜੇਕਰ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਹੈ ਤਾਂ ਉਹ ਅਦਾਲਤ ਵਿੱਚ ਆ ਸਕਦੇ ਹਨ।