ਲੁਧਿਆਣਾ ਵਿਚ ਮਰਾਡੋ ਪੁਲਿਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏਸੀਪੀ ਨੇ ਸਸਪੈਂਡ ਕਰ ਦਿਤਾ। ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਦੇਰ ਰਾਤ ਔਰਤ ‘ਤੇ ਹੱਥ ਚੁੱਕਿਆ ਸੀ। ਮਹਿਲਾ ਨੇ ਪੁਲਿਸ ਮੁਲਾਜ਼ਮ ‘ਤੇ ਮਾਰਕੁੱਟ ਦਾ ਦੋਸ਼ ਲਗਾਇਆ ਸੀ।
ਘਟਨਾ GNE ਕਾਲਜ ਦੇ ਕੋਲ ਦੀ ਹੈ। ਪੂਰੇ ਘਟਨਾਕ੍ਰਮ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਪੁਲਿਸ ਮੁਲਾਜ਼ਮ ਰੈਸਟੋਰੈਂਟ ਵਿਚ ਇਕ ਵਿਅਕਤੀ ਦੇ ਮੂੰਹ ‘ਤੇ ਥੱਪੜ ਮਾਰਦਾ ਦਿਖਾਈ ਦਿੱਤਾ ਸੀ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਵਰਦੀ ਵਿੱਚ ਮਹਿਲਾ ‘ਤੇ ਵੀ ਹੱਥ ਚੁੱਕਿਆ ਸੀ। ਉਹ ਉਸਦੀ ਖਿੱਚ-ਧੂਹ ਕਰ ਰਿਹਾ ਸੀ, ਜਿਸ ਦੇ ਬਾਅਦ ਅਧਿਕਾਰੀਆਂ ਨੇ ਉਸ ‘ਤੇ ਕਾਰਵਾਈ ਕੀਤੀ।
ਦੂਜੇ ਪਾਸੇ ਏਐਸਆਈ ਅਸ਼ਵਨੀ ਕੁਮਾਰ ਨੇ ਮਹਿਲਾ ‘ਤੇ ਦੋਸ਼ ਲਗਾਏ ਸਨ ਕਿ ਉਹ ਕਿਸੇ ਜਗ੍ਹਾ ਤੋਂ ਛਾਪੇ ਮਾਰ ਕੇ ਵਾਪਸ ਆ ਰਹੇ ਸਨ। ਰਸਤੇ ਵਿਚ ਕੁਝ ਲੋਕ ਆਪਸ ਵਿਚ ਬਹਿਸਬਾਜ਼ੀ ਕਰ ਰਹੇ ਸਨ, ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉਥੇ ਮੌਜੂਦ ਇੱਕ ਔਰਤ ਨੇ ਉਸ ਨਾਲ ਗਲਤ ਸ਼ਬਦਾਵਲੀ ਦਾ ਇਸੇਮਾਲ ਕੀਤਾ। ਮਹਿਲਾ ਦਾ ਕਹਿਣਾ ਸੀ ਕਿ ਚੌਕੀ ਇੰਚਾਰਜ ਨੇ ਉਸ ਨਾਲ ਮਾਰਕੁੱਟ ਕੀਤੀ।
ਮਹਿਲਾ ਦੇ ਸਾਥੀ ਅੰਕਿਤ ਤੇ ਸੰਦੀਪ ਨੇ ਦੱਸਿਆ ਕਿ ਉਹ ਸਾਰੇ ਮਿਲ ਕੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਇਸ ਦੌਰਾਨ ਉਥੇ ਕੁਝ ਲੋਕ ਸ਼ਰੇਆਮ ਸ਼ਰਾਬ ਪੀ ਰਹੇ ਸਨ। ਇਸ ਕਾਰਨ ਉਹ ਲੋਕ ਵੀ ਇਕ ਸਾਈਡ ਵਿਚ ਡ੍ਰਿੰਕ ਕਰਨ ਲੱਗੇ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਰੈਸਟੋਰੈਂਟ ਵਾਲੇ ਕੋਲ ਪਰਮਿਟ ਹੈ। ਉਸ ਦੌਰਾਨ ਚੌਕੀ ਇੰਚਾਰਜ ਨੇ ਔਰਤ ਨੂੰ ਕਾਰ ਦੇ ਪਿੱਛੇ ਲਿਜਾ ਕੇ ਮਾਰਕੁੱਟ ਕੀਤੀ।
ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਪੁਲਿਸ ਵਰਦੀ ਵਿੱਚ ਏਐੱਸਆਈ ਅਸ਼ਵਨੀ ਨੇ ਮਹਿਲਾ ‘ਤੇ ਹੱਥ ਚੁੱਕਿਆ ਹੈ। ਇਸ ਨਾਲ ਲੋਕਾਂ ਵਿਚ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ ਮੁਤਾਬਕ ਅਸ਼ਵਨੀ ਕੁਮਾਰ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਹੈ।