‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਥਲ ਸੈਨਾ 8 ਮਈ ਤੋਂ ਆਮ ਲੋਕਾਂ ਲਈ ਚੰਡੀਗੜ੍ਹ, ਪਟਿਆਲਾ ਅਤੇ ਫਰੀਦਾਬਾਦ ਵਿੱਚ ਕੋਵਿਡ ਹਸਪਤਾਲ ਖੋਲ੍ਹਣ ਜਾ ਰਹੀ ਹੈ। ਭਾਰਤੀ ਥਲ ਸੈਨਾ ਨੇ ਕਰੋਨਾ ਮਰੀਜ਼ਾਂ ਦੀ ਮਦਦ ਲਈ ਆਕਸੀਜਨ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਵੀ ਐਲਾਨ ਕੀਤਾ ਹੈ। ਭਾਰਤੀ ਥਲ ਸੈਨਾ ਚੰਡੀਗੜ੍ਹ, ਪਟਿਆਲਾ ਅਤੇ ਫਰੀਦਾਬਾਦ ਵਿੱਚ 100 ਬਿਸਤਰਿਆਂ ਦੇ ਹਸਪਤਾਲ ਖੋਲ੍ਹਣ ਲਈ ਦਿਨ ਰਾਤ ਕੰਮ ਕਰ ਰਹੀ ਹੈ।
ਰੱਖਿਆ ਵਿਭਾਗ ਦੇ ਲੋਕ ਸੰਪਰਕ ਦਫ਼ਤਰ (ਪੀਆਰਓ) ਨੇ ਅੱਜ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ, ਚੰਡੀਗੜ੍ਹ, ਪਟਿਆਲਾ ਅਤੇ ਫਰੀਦਾਬਾਦ ਦੇ ਇਨ੍ਹਾਂ ਕੋਵਿਡ ਹਸਪਤਾਲਾਂ ਵਿੱਚ ਹਲਕੇ ਤੋਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਅਤੇ 10 ਮਈ ਨੂੰ ਇਹ ਹਸਪਤਾਲ ਆਮ ਲੋਕਾਂ ਲਈ ਖੋਲ੍ਹੇ ਜਾਣਗੇ।’’
ਇੱਕ ਹੋਰ ਟਵੀਟ ਵਿੱਚ ਪੀਆਰਓ ਨੇ ਕਿਹਾ ਕਿ ਥਲ ਸੈਨਾ ਦੇ ਇਲੈਕਟ੍ਰੌਨਿਕਸ ਅਤੇ ਮਕੈਨੀਕਲ ਇੰਜਨੀਅਰਾਂ ਦੀ ਟੀਮ ਭਾਖੜਾ ਬਿਆਸ ਮੈਨੇਜਮੈਂਟ ਨੰਗਲ ਨਾਲ ਮਿਲ ਕੇ ਆਕਸੀਜਨ ਪਲਾਂਟ ਮੁੜ ਸ਼ੁਰੂ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ।