Punjab

ਅੰਮ੍ਰਿਤਸਰ ਗੋਲੀ ਕਾਂਡ : ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੀਤਾ ਸਾਜਿਸ਼ ਦਾ ਪਰਦਾ ਫਾਸ਼ ਕਰਨ ਦਾ ਦਾਅਵਾ

ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਪਿੰਡ ਸਠਿਆਲਾ, ਅੰਮ੍ਰਿਤਸਰ ਦਿਹਾਤੀ ਵਿਖੇ ਵਾਪਰੇ ਗੋਲੀ ਕਾਂਡ ਵਿੱਚ ਮਾਰੇ ਗਏ  ਜਰਨੈਲ ਸਿੰਘ ਦੇ ਕਤਲ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਦੀ ਦਾਅਵਾ ਕੀਤਾ ਗਿਆ ਹੈ ਤੇ ਇਸ ਘਟਨਾ ਵਿੱਚ ਬੰਬੀਹਾ ਗੈਂਗ ਦੇ 10 ਮੁਲਜ਼ਮਾਂ ਤੇ ਸ਼ੂਟਰਾਂ ਦੀ ਭੂਮਿਕਾ ਦਾ ਪਤਾ ਲਗਾਇਆ ਹੈ।

ਡੀਜੀਪੀ ਪੰਜਾਬ ਪੁਲਿਸ  ਵੱਲੋਂ ਕੀਤੇ ਗਏ ਟਵੀਟ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।  ਡੀਜੀਪੀ ਪੰਜਾਬ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਟਵੀਟ ਵਿੱਚ ਇਹਨਾਂ 10 ਮੁਲਜ਼ਮਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਵੱਡੀ ਗੈਂਗਵਾਰ ਦੀ ਵਾਰਦਾਤ ਸਾਹਮਣੇ ਆਈ ਸੀ । ਘਟਨਾ ਵਿੱਚ ਹਮਲਾਵਰਾਂ ਨੇ ਸਠਿਆਲਾ ਪਿੰਡ ਵਿੱਚ ਦਾਖਲ ਹੋ ਕੇ 25 ਤੋਂ 30 ਰਾਊਂਡ  ਫਾਇਰ ਕਰ ਜਰਨੈਲ ਸਿੰਘ ਨੂੰ ਮਾਰ ਦਿੱਤਾ ਸੀ।

ਸੀਸੀਟੀਵੀ ਤੋਂ ਪਤਾ ਲਗਿਆ ਸੀ ਕਿ ਜਿਵੇਂ ਹੀ ਜਰਨੈਲ ਸਿੰਘ ਨੇ ਦੁਕਾਨ ਤੋਂ ਬਾਹਰ ਕਦਮ ਰੱਖਿਆ, ਉਸ ‘ਤੇ ਫਾਇਰਿੰਗ ਸ਼ੁਰੂ ਹੋ ਗਈ। ਕਤਲ ਦੀ ਇਹ ਪੂਰੀ ਵਾਰਦਾਤ 15 ਸੈਕੰਡ ਦੇ ਅੰਦਰ ਹੋਈ। ਜਰਨੈਲ ਸਿੰਘ ਦੀ ਗੋਲੀਆਂ ਲੱਗਣ ਦੀ ਵਜ੍ਹਾ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ ਸੀ ।