ਅੰਮ੍ਰਿਤਸਰ : ਸਿੱਖਾਂ ਦੀ ਸਿਰਮੋਰ ਸੰਸਥਾ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਾਲ 2023-24 ਲਈ ਆਪਣਾ ਬਜਟ ਜਾਰੀ ਕਰਨ ਜਾ ਰਹੀ ਹੈ। ਇਸ ਬਜਟ ਸੈਸ਼ਨ ਦੀ ਸ਼ੁਰੂਆਤ ਅੱਜ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ,ਅੰਮ੍ਰਿਤਸਰ ਵਿੱਚ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਵਾਰ ਪੇਸ਼ ਕੀਤੇ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਬਜਟ ‘ਚ ਬਹੁਤ ਕੁਝ ਖਾਸ ਹੋਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਵਾਰ ਹਰਿਆਣਾ ਦੇ ਗੁਰੂ ਘਰਾਂ ਲਈ ਬਜਟ ਨਹੀਂ ਰੱਖਿਆ ਜਾਵੇਗਾ। ਹਰਿਆਣਾ ਦੇ ਗੁਰੂ ਘਰਾਂ ਲਈ ਵੱਖਰੇ ਬਜਟ ਦਾ ਪ੍ਰਬੰਧ ਕੀਤਾ ਜਾਵੇਗਾ।
ਉਧਰ ਹਰਿਆਣਾ ਸਿੱਖ ਗੁਰਦੁਆਰਾ ਮੈਨੈਜਮੈਂਟ ਵਲੋਂ ਬਣਾਈ ਗਈ ਐਡਹਾਕ ਕਮੇਟੀ ਪਹਿਲਾਂ ਹੀ 106.50 ਕਰੋੜ ਦਾ ਬਜਟ ਜਾਰੀ ਕਰ ਚੁੱਕੀ ਹੈ।
ਪਿਛਲੇ ਸਾਲ 2022-23 ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 988 ਕਰੋੜ 54 ਲੱਖ ਦਾ ਬਜਟ ਪੇਸ਼ ਕੀਤਾ ਸੀ । ਜਦੋਂ ਕਿ ਵਿਰੋਧੀ ਧਿਰ ਨੇ ਬਜਟ ਪੇਸ਼ ਕਰਨ ਸਮੇਂ ਬਾਈਕਾਟ ਕੀਤਾ ਸੀ।
ਹਰ ਸਾਲ ਪੇਸ਼ ਕੀਤੇ ਜਾਂਦੇ ਬਜਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜਟ ਵਿਚ ਗੁਰਦੁਆਰਾ ਸੈਕਸ਼ਨ 85 , ਸ਼੍ਰੋਮਣੀ ਕਮੇਟੀ , ਧਰਮ ਕਮੇਟੀ , ਟਰੱਸਟਾਂ , ਪ੍ਰੈੱਸਾਂ ਆਦਿ ‘ਚ ਹੋਣ ਵਾਲੇ ਖਰਚ ਲਈ ਅਨੁਮਾਨ ਦਾ ਬਿਊਰਾ ਰੱਖਿਆ ਜਾਂਦਾ ਹੈ।