ਸ਼੍ਰੋਮਣੀ ਅਕਾਲੀ ਦਲ (Shrimoni Akali dal) ਕਿਸੇ ਸਮੇਂ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਹੁੰਦੀ ਸੀ ਅਤੇ ਵਾਰ-ਵਾਰ ਸਰਕਾਰਾਂ ਬਣਾਉਂਦੀ ਸੀ। ਪੰਜਾਬ ਦੇ ਲੋਕ ਅੱਖਾਂ ਬੰਦ ਕਰਕੇ ਇਸ ਪਾਰਟੀ ‘ਤੇ ਵਿਸਵਾਸ ਕਰਦੇ ਸਨ ਪਰ ਹੁਣ ਇਸ ਦੇ ਪੰਜਾਬ ਵਿਧਾਨ ਸਭਾ ਵਿੱਚ ਕੇਵਲ ਤਿੰਨ ਵਿਧਾਇਕ ਹਨ ਅਤੇ ਸੰਸਦ ਵਿੱਚ ਸਿਰਫ ਇਕ ਸੰਸਦ ਮੈਂਬਰ ਹੈ। ਪਾਰਟੀ ਲਗਾਤਾਰ ਪਿਛਲੀਆਂ ਦੋ ਵਿਧਾਨ ਸਭਾ ਅਤੇ ਦੋ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਨਕਾਰੀ ਗਈ ਹੈ। ਪਾਰਟੀ ਦਾ ਮੁੱਖ ਵੋਟ ਬੈਂਕ ਕਿਸਾਨ ਵੀ ਇਸ ਨਾਲ ਨਰਾਜ਼ ਚੱਲ ਰਿਹਾ ਹੈ। ਇਸ ਤੋਂ ਬਾਅਦ ਪਾਰਟੀ ਵਿੱਚ ਵਿਰੋਧੀ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕਈ ਸੀਨੀਅਰ ਲੀਡਰਾਂ ਵੱਲੋਂ ਸਮੇਂ-ਸਮੇਂ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਇਸ ਨੂੰ ਦੇਖਦਿਆਂ ਹੋਇਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਕਰਨਗੇ ਅਤੇ ਦੋ ਹੋਰ ਮੈਂਬਰ ਗੁਲਜ਼ਾਰ ਸਿੰਘ ਰਣੀਕੇ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਪਾਰਟੀ ਵਿੱਚ ਅਨੁਸਾਸ਼ਨ ਬਣਾ ਕੇ ਰੱਖਣਗੇ। ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਦਿੱਤੀ ਹੈ।
ਕੌਣ ਹਨ ਬਲਵਿੰਦਰ ਸਿੰਘ ਭੂੰਦੜ
ਬਲਵਿੰਦਰ ਸਿੰਘ ਭੂੰਦੜ ਦਾ ਸਬੰਧ ਮਾਨਸੇ ਜ਼ਿਲ੍ਹੇ ਦੇ ਸਰਦੂਲਗੜ੍ਹ ਨਾਲ ਹੈ। ਭੂੰਦੜ ਇਸ ਇਲਾਕੇ ਵਿੱਚੋਂ ਕਈ ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਕਈ ਵਾਰ ਰਾਜ ਸਭਾ ਦੇ ਮੈਂਬਰ ਰਹੇ ਹਨ। ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਖਾਸਮ ਖਾਸ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਆਪਣੇ ਇਲਾਕੇ ਵਿੱਚ ਖਾਸਾ ਆਧਾਰ ਹੈ।
ਕੌਣ ਹਨ ਗੁਲਜ਼ਾਰ ਸਿੰਘ ਰਣੀਕੇ\
ਗੁਲਜ਼ਾਰ ਸਿੰਘ ਰਣੀਕੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਉਹ ਅਟਾਰੀ ਹਲਕੇ ਤੋਂ ਕਈ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਉਹ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ ਮੰਨਿਆ ਜਾਂਦਾ ਹੈ।
ਕੌਣ ਹਨ ਮਹੇਸ਼ ਇੰਦਰ ਸਿੰਘ ਗਰੇਵਾਲ
ਮਹੇਸ਼ ਇੰਦਰ ਸਿੰਘ ਗਰੇਵਾਲ ਪਾਰਟੀ ਦੇ ਵੱਡੇ ਲੀਡਰਾਂ ਵਿੱਚੋਂ ਇਕ ਹਨ। ਉਨ੍ਹਾਂ ਦੀ ਆਵਾਜ਼ ਨੂੰ ਬਾਦਲ ਪਰਿਵਾਰ ਦੀ ਆਵਾਜ਼ ਕਿਹਾ ਜਾਂਦਾ ਹੈ। ਉਹ ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ। ਉਹ ਇਸ ਸਮੇਂ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜ੍ਹੇ ਹਨ।
ਇੱਥੇ ਇਹ ਬਿਲਕੁਲ ਸਪੱਸ਼ਟ ਹੈ ਕਿ ਬਾਦਲ ਪਰਿਵਾਰ ਵੱਲੋਂ ਆਪਣੇ ਚਹੇਤਿਆਂ ਨੂੰ ਹੀ ਪਾਰਟੀ ਦੀ ਅਨੁਸ਼ਾਸਨੀ ਦਾ ਵਾਗਡੋਰ ਸੌਂਪੀ ਗਈ ਹੈ। ਕਿਉਂਕਿ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਕਈ ਹੋਰ ਲੀਡਰਾਂ ਵੱਲੋਂ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਇਸ ਨੂੰ ਦੇਖਦਿਆਂ ਹੋਇਆਂ ਪਾਰਟੀ ਪ੍ਰਧਾਨ ਨੇ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ।
ਇਹ ਵੀ ਪੜ੍ਹੋ – ਨਸ਼ੇ ਨੇ ਬੁਝਾਇਆ ਇਕ ਹੋਰ ਪਰਿਵਾਰ ਦਾ ਚਿਰਾਗ, ਪਰਿਵਾਰ ‘ਚ ਛਾਇਆ ਮਾਤਮ