‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨ ਉੱਤੇ ਸੂਬੇ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਲਈ ਸੰਜ਼ੀਦਾ ਨਹੀਂ ਹਨ। ਮੁੱਖ ਮੰਤਰੀ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਮੀਟਿੰਗ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਬਾਹਰ ਕਰਨ ਦਾ ਮੁੱਦਾ ਉੱਠਾਇਆ ਹੁੰਦਾ ਤਾਂ ਕੇਂਦਰ ਦਾ ਪੰਜਾਬ ਨੂੰ ਚੰਡੀਗੜ੍ਹ ਨਾਲੋਂ ਡੀ ਲਿੰਕ ਕਰਨ ਦਾ ਹੀਆ ਨਹੀਂ ਸੀ ਪੈਣਾ। ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰੇਮ ਸਿੰਘ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਲ ਕਰਦਿਆਂ ਕਿਹਾ ਕਿ ਅਕਾਲੀ ਦਲ ਚੁੱਪ ਨਹੀਂ ਬੈਠੇਗਾ।
ਪ੍ਰੋ. ਚੰਦੂਮਾਜਰਾ ਨੇ ਕੇਂਦਰ ਸਰਕਾਰ ਉੱਤੇ ਸੂਬਿਆਂ ਦੇ ਸੰਘੀ ਢਾਂਚੇ ਨੂੰ ਤਹਿਸ ਨਹਿਸ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਦੇ ਕੇਂਦਰ ‘ਤੇ ਕਾਬਜ਼ ਹੋਣ ਤਾਂ ਬਾਅਦ ਸੰਘੀ ਢਾਂਚੇ ਨੂੰ ਖਤਰਾ ਖੜਾ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਚੰਡੀਗੜ੍ਹ ਉਤੇ ਬਣਦੇ ਹੱਕ ਨੂੰ ਪੱਕਿਆਂ ਕਰਨ ਲਈ ਵੱਖ ਵੱਖ ਸਮਝੋਤਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਗੇ।
ਦਲ ਨੇ ਭਗਵੰਤ ਸਿੰਘ ਮਾਨ ਤੋਂ ਕੇਂਦਰ ਦੇ ਫੈਸਲੇ ਖ਼ਿਲਾਫ਼ ਰਣਨੀਤੀ ਤਿਆਰ ਕਰਨ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ । ਅਕਾਲੀ ਦਲ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲ ਕੇ ਮਾਮਲਾ ਉਠਾਵੇਗਾ।