ਹਰਿਆਣਾ ਅਤੇ ਪੰਜਾਬ :ਦੀਵਾਲੀ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੀ ਹਵਾ ਜ਼ਹਿਰੀਲੀ ਹੋ ਗਈ ਹੈ। AQI (ਏਅਰ ਕੁਆਲਿਟੀ ਇੰਡੈਕਸ) ਵਧਣ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ ਅਤੇ ਅੱਖਾਂ ‘ਚ ਜਲਣ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ।
ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪ੍ਰਦੂਸ਼ਣ ਵਿੱਚ ਸੁਧਾਰ ਦੇਖਿਆ ਗਿਆ ਹੈ। ਅੰਮ੍ਰਿਤਸਰ, ਜੋ ਕੱਲ੍ਹ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ, ਵਿੱਚ AQI 200 ਤੋਂ ਘੱਟ ਕੇ 188 ‘ਤੇ ਆ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਦਾ AQI 184 ਦਰਜ ਕੀਤਾ ਗਿਆ। ਪਰ ਚੰਡੀਗੜ੍ਹ ਸਮੇਤ ਜਲੰਧਰ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ AQI ਅਜੇ ਵੀ 200 ਤੋਂ ਉੱਪਰ ਹੈ।
ਹਰਿਆਣਾ ਦੀ ਗੱਲ ਕਰੀਏ ਤਾਂ ਸੂਬੇ ਦੇ 4 ਸ਼ਹਿਰ ਲਾਲ ਸ਼੍ਰੇਣੀ ਵਿਚ ਅਤੇ 12 ਸ਼ਹਿਰ ਸੰਤਰੀ ਸ਼੍ਰੇਣੀ ਵਿਚ ਆਏ ਹਨ। ਜਦਕਿ ਚੰਡੀਗੜ੍ਹ ਸਮੇਤ ਪੰਜਾਬ ਦੇ 5 ਸ਼ਹਿਰਾਂ ਦੀ ਸਥਿਤੀ ਚਿੰਤਾਜਨਕ ਹੈ। ਮੌਸਮ ਵਿਭਾਗ ਮੁਤਾਬਕ ਅੱਜ ਅਤੇ ਬੁੱਧਵਾਰ ਨੂੰ ਹਵਾ ਦਾ ਵਹਾਅ ਪੂਰਬ ਵੱਲ ਰਹਿਣ ਦੀ ਸੰਭਾਵਨਾ ਹੈ। ਅਜਿਹੇ ‘ਚ ਇਹ ਦੋ ਦਿਨ ਪੰਜਾਬ ਅਤੇ ਹਰਿਆਣਾ ਲਈ ਕਾਫੀ ਚਿੰਤਾਜਨਕ ਮੰਨੇ ਜਾ ਰਹੇ ਹਨ।
AQI ਨੇ ਹਰਿਆਣਾ ਦੇ 4 ਸ਼ਹਿਰਾਂ – ਚਰਖੀ ਦਾਦਰੀ, ਫਤਿਹਾਬਾਦ, ਗੁਰੂਗ੍ਰਾਮ ਅਤੇ ਹਿਸਾਰ ਵਿੱਚ 300 ਨੂੰ ਪਾਰ ਕਰ ਲਿਆ ਹੈ। ਹਿਸਾਰ ਦਾ AQI 379 ਦਰਜ ਕੀਤਾ ਗਿਆ ਹੈ, ਜੋ ਕਿ ਦਿੱਲੀ ਦੇ AQI 381 ਤੋਂ ਸਿਰਫ਼ 2 ਅੰਕ ਘੱਟ ਹੈ।