The Khalas Tv Blog Punjab ਮੁੱਖ ਮੰਤਰੀ ਦਾ ਪ੍ਰਸ਼ਾਸਨਿਕ ਭਾਰ ਹਲਕਾ ਹੋਇਆ, ਨਵੇਂ ਮੋਢਿਆਂ ‘ਤੇ ਪਾਇਆ ਬੋਝ
Punjab

ਮੁੱਖ ਮੰਤਰੀ ਦਾ ਪ੍ਰਸ਼ਾਸਨਿਕ ਭਾਰ ਹਲਕਾ ਹੋਇਆ, ਨਵੇਂ ਮੋਢਿਆਂ ‘ਤੇ ਪਾਇਆ ਬੋਝ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਦੇ ਨਵੇਂ ਪੰਜ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਆਪਣੀ ਵਜ਼ਾਰਤ ਦੇ ਪੰਜ ਵਜ਼ੀਰਾਂ ਨੂੰ ਵਿਭਾਗ ਸੌਂਪ ਦਿੱਤੇ ਹਨ। ਮੁੱਖ ਮੰਤਰੀ ਮਾਨ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਹੈਂਡਲ ਤੋਂ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਅਤੇ ਪੁਰਾਣੇ ਮੰਤਰੀਆਂ ਤੋਂ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਅਤੇ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਜਤਾਉਂਦਿਆਂ ਸਭ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਰਕਾਰ ਨੇ 14 ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਰਹਿੰਦੇ ਦਰਜਨ ਮਹਿਕਮੇ ਹਾਲੇ ਵੀ ਮੁੱਖ ਮੰਤਰੀ ਕੋਲ ਹਨ। ਪੁਰਾਣੇ ਮੰਤਰੀਆਂ ਦੇ ਵਿਭਾਗਾਂ ਨੂੰ ਵੀ ਬਦਲਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੱਲ੍ਹ ਨਵੇਂ ਬਣੇ ਮੰਤਰੀਆਂ ਵਿੱਚੋਂ ਅਮਨ ਅਰੋੜਾ ਨੂੰ ਤਿੰਨ ਵਿਭਾਗ ਸੂਚਨਾ ਅਤੇ ਲੋਕ ਸੰਪਰਕ,ਨਵੇਂ ਅਤੇ ਨਵਿਆਉਣਯੋਗ ਸਰੋਤ ਅਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਸੌਂਪੇ ਗਏ ਹਨ। ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਚਾਰ ਵਿਭਾਗ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਜ਼ਮੀਨ ਅਤੇ ਪਾਣੀ ਦੀ ਸੰਭਾਲ ਅਤੇ ਪ੍ਰਸ਼ਾਸਨਿਕ ਸੁਧਾਰ ਸੌਂਪੇ ਗਏ ਹਨ। ਕੈਬਨਿਟ ਮੰਤਰੀ ਫ਼ੌਜਾ ਸਿੰਘ ਨੂੰ ਚਾਰ ਵਿਭਾਗ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਵਿਭਾਗ ਸੌਂਪੇ ਗਏ ਹਨ। ਚੇਤਨ ਸਿੰਘ ਜੌੜਾਮਾਜਰਾ ਨੂੰ ਤਿੰਨ ਵਿਭਾਗ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਮੈਡੀਕਲ ਸਿੱਖਿਆ ਅਤੇ ਰਿਸਰਚ ਅਤੇ ਚੋਣ ਵਿਭਾਗ ਦਿੱਤਾ ਗਿਆ ਹੈ। ਨਵੀਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਚਾਰ ਵਿਭਾਗ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਮਜ਼ਦੂਰੀ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਵਿਭਾਗ ਸੌਂਪੇ ਗਏ ਹਨ।

ਪੁਰਾਣੇ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੀ ਵੀ ਤਬਦੀਲੀ ਕੀਤੀ ਗਈ ਹੈ। ਹਰਪਾਲ ਸਿੰਘ ਚੀਮਾ ਕੋਲ ਚਾਰ ਵਿੱਤ ਵਿਭਾਗ, ਪਲੈਨਿੰਗ, ਪ੍ਰੋਗਰਾਮ ਲਾਗੂ ਕਰਨ ਤੋਂ ਬਿਨਾਂ ਕਰ ਅਤੇ ਆਬਕਾਰੀ ਵਿਭਾਗ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕੋਲੋਂ ਸਹਿਕਾਰਤਾ ਵਿਭਾਗ ਵਾਪਸ ਲੈ ਲਿਆ ਗਿਆ ਹੈ। ਡਾ.ਬਲਜੀਤ ਕੌਰ ਕੋਲ ਪਹਿਲਾਂ ਵਾਲੇ ਹੀ ਵਿਭਾਗ ਸਮਾਜਿਕ ਨਿਆਂ, ਘੱਟ ਗਿਣਤੀਆਂ ਅਤੇ ਔਰਤਾਂ ਬੱਚਿਆਂ ਦਾ ਭਲਾਈ ਵਿਭਾਗ ਰਹਿ ਗਏ ਹਨ। ਹਰਭਜਨ ਸਿੰਘ ਕੋਲ ਵੀ ਪਹਿਲਾਂ ਵਾਲੇ ਦੋ ਵੱਡੇ ਮਹਿਕਮੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਹੈ। ਲਾਲ ਚੰਦ ਕਟਾਰੂ ਕੋਲ ਤਿੰਨ ਅਹਿਮ ਵਿਭਾਗ ਖੁਰਾਕ ਅਤੇ ਸਪਲਾਈ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਹਨ।

ਗੁਰਮੀਤ ਸਿੰਘ ਮੀਤ ਹੇਅਰ ਨੇ ਸਕੂਲ ਸਿੱਖਿਆ ਵਿਭਾਗ ਛੱਡ ਦਿੱਤਾ ਹੈ। ਉਹ ਇਸ ਮਹਿਕਮੇ ਤੋਂ ਛੁਟਕਾਰਾ ਚਾਹ ਰਹੇ ਸਨ ਪਰ ਉਚੇਰੀ ਸਿੱਖਿਆ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਉਨ੍ਹਾਂ ਕੋਲ ਰਹਿ ਗਿਆ ਹੈ। ਉਹ ਪ੍ਰਿਟਿੰਗ ਐਂਡ ਸਟੇਸ਼ਨਰੀ ਸਮੇਤ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵੀ ਦੇਖਣਗੇ। ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਨੂੰ ਲੈ ਕੇ ਚਰਚਾ ਵਿੱਚ ਆਏ ਸਨ, ਕੋਲ ਪੰਚਾਇਤ ਵਿਭਾਗ, ਐੱਨਆਰਆਈ ਮਾਮਲੇ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਰਹਿਣ ਦਿੱਤੇ ਗਏ ਹਨ। ਬ੍ਰਹਮ ਸ਼ੰਕਰ ਜਿੰਪਾ ਕੋਲ ਵੀ ਮਾਲ ਵਿਭਾਗ ਬਚ ਗਿਆ ਹੈ। ਉਹ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਤੋਂ ਬਿਨਾਂ ਕੁਦਰਤੀ ਆਫ਼ਤ ਵਿਭਾਗ ਵੇਖਣਗੇ। ਹਰਜੋਤ ਸਿੰਘ ਬੈਂਸ ਨੂੰ ਸਕੂਲ ਸਿੱਖਿਆ ਦਾ ਵਿਭਾਗ ਦਿੱਤਾ ਗਿਆ ਹੈ। ਉਨ੍ਹਾਂ ਕੋਲ ਪੁਰਾਣੇ ਮਹਿਕਮੇ ਜੇਲ੍ਹਾਂ, ਮਾਈਨਿੰਗ ਅਤੇ ਪਾਣੀ ਸ੍ਰੋਤਾਂ ਦੀ ਸੰਭਾਲ ਵਿਭਾਗ ਰਹਿ ਗਏ ਹਨ।

Exit mobile version