Punjab

ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨਾਜਾਇਜ਼ ਇਮਾਰਤਾਂ ‘ਤੇ ਨਿਗਮ ਨੇ ਕੀਤੀ ਕਾਰਵਾਈ ਹੋਟਲ ਦੀ ਚੌਥੀ ਪੰਜਵੀਂ ਮੰਜ਼ਿਲ ਤੋੜੀ

ਅੰਮ੍ਰਿਤਸਰ ‘ਚ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਹਰਕਤ ਵਿੱਚ ਆਏ ਹਨ। ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰਿਓਂ ਬਣ ਰਹੀਆਂ ਉੱਚੀਆਂ ਇਮਾਰਤਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ।

ਤੜਕਸਾਰ ਕਾਰਪੋਰੇਸ਼ਨ ਦੇ ਅਧਿਕਾਰੀ ਇਮਾਰਤਾਂ ਦੀਆਂ ਬਿਲਡਿੰਗਾਂ ਤੋੜਨ ਲਈ ਪੁੱਜ ਗਏ। ਦਰਬਾਰ ਸਾਹਿਬ ਦੇ ਮੈਨੇਜਰ ਨੇ ਬੀਤੇ ਦਿਨੀਂ ਭਗਵੰਤ ਸਿੰਘ ਮਾਨ ਨੂੰ ਕਿਹਾ ਸੀ ਕਿ ਚਾਰ ਚੁਫੇਰੇ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ ਜਦੋਂ ਪਰਿਕਰਮਾ ਵਿਚੋਂ ਸੰਗਤ ਦੇਖਦੀ ਹੈ ਤਾਂ ਆਲੇ-ਦੁਆਲੇ ਹੋਟਲਾਂ ਦੀਆਂ ਇਮਾਰਤਾਂ ਸਹੀ ਨਹੀਂ ਲੱਗਦੀਆਂ ਸੋ ਇਸ ਉਤੇ ਕਾਰਵਾਈ ਕੀਤੀ ਜਾਵੇ।

ਦੂਜੇ ਬੰਨੇ ਸੜਕਾਂ ’ਤੇ ਰੇਤਾ, ਬੱਜ਼ਰੀ ਅਤੇ ਇੱਟਾਂ ਰੱਖ ਕੇ ਇਮਾਰਤ ਉਸਾਰੀ ਸਮੱਗਰੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਦੂਜੇ ਦਿਨ ਅਸਟੇਟ ਵਿਭਾਗ ਦੀ ਟੀਮ ਨੇ ਤਰਨ ਤਾਰਨ ਰੋਡ, ਗੋਲਡਨ ਗੇਟ ਨੇੜੇ ਜੀ.ਟੀ ਰੋਡ ’ਤੇ ਸੜਕਾਂ ਅਤੇ ਫੁੱਟਪਾਥਾਂ ’ਤੇ ਰੱਖਿਆ ਬਿਲਡਿੰਗ ਮਟੀਰੀਅਲ ਜ਼ਬਤ ਕੀਤਾ।

ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਇਹ ਮੁਹਿੰਮ ਜਾਰੀ ਰਹੇਗੀ। ਅੱਜ ਵੀ ਜੇ.ਸੀ.ਬੀ. ਰਾਹੀਂ ਬਿਲਡਿੰਗ ਮਟੀਰੀਅਲ ਦੇ ਦੋ ਟਿੱਪਰ ਲੋਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਬਤ ਕੀਤਾ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਉਸਾਰੀ ਸਮੱਗਰੀ ਵੇਚਣ ਵਾਲੇ ਦੁਕਾਨਦਾਰ ਆਪਣਾ ਸਾਮਾਨ ਆਪਣੇ ਗੁਦਾਮ ਵਿੱਚ ਹੀ ਰੱਖਣ। ਅਸਟੇਟ ਅਫ਼ਸਰ ਨੇ ਕਿਹਾ ਕਿ ਵਿਭਾਗ ਵੱਲੋਂ ਫਿਲਹਾਲ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਜੇਕਰ ਫਿਰ ਵੀ ਸੜਕਾਂ ਅਤੇ ਫੁੱਟਪਾਥਾਂ ’ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।