ਸ੍ਰੀ ਫਤਹਿਗੜ੍ਹ ਸਾਹਿਬ : ਸ੍ਰੀ ਅਕਾਤ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਸਜ਼ਾ ਦਾ ਅੱਜ 6ਵਾਂ ਦਿਨ ਹੈ। ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਪਹਿਰੇਦਾਰ ਦਾ ਚੋਲਾ ਪਾ ਕੇ ਆਪਣੀ ਸਜ਼ਾ ਪੂਰੀ ਕਰ ਰਹੇ ਹਨ। ਇੱਕ ਘੰਟਾ ਸੇਵਾ ਨਿਭਾਉਣ ਤੋਂ ਬਾਅਦ ਉਹ ਸਿਮਰਨ ਕਰਨਗੇ। ਇਸ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਝੂਠੇ ਭਾਂਡੀਆਂ ਦੀ ਸੇਵਾ ਵੀ ਕਰਨਗੇ।
ਬੀਤੇ ਕੱਲ੍ਹ ਸੁਖਬੀਰ ਬਾਦਲ ਸਵੇਰੇ ਸਾਢੇ ਅੱਠ ਵਜੇ ਸ੍ਰੀ ਫਤਹਿਗੜ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਅਤੇ ਸਭ ਤੋਂ ਪਹਿਲਾਂ ਇੱਕ ਘੰਟਾ ਲੰਗਰ ਦੀ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਇੱਕ ਘੰਟਾ ਕੀਰਤਨ ਸਰਵਣ ਕੀਤਾ। ਪੌਣੇ ਗਿਆਰਾਂ ਵਜੇ ਦੇ ਕਰੀਬ ਉਹ ਲੰਗਰ ਹਾਲ ਵਿੱਚ ਪਹੁੰਚੇ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ।
ਇਸ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਬਲਵਿੰਦਰ ਸਿੰਘ ਭੂੰਦੜ, ਗੁਰਪ੍ਰੀਤ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਝਰ, ਦਰਬਾਰਾ ਸਿੰਘ ਗੁਰੂ, ਜਗਦੀਪ ਸਿੰਘ ਚੀਮਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਰਨਜੀਤ ਸਿੰਘ, ਜ਼ਿਲ੍ਹਾ ਦਿਹਾਤੀ ਸ. ਪ੍ਰਧਾਨ ਮਨਮੋਹਨ ਸਿੰਘ ਮਕਰਪੁਰ ਵੀ ਸੁਖਬੀਰ ਬਾਦਲ ਦੇ ਨਾਲ ਸਨ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਵੀ ਪਹੁੰਚ ਗਏ। ਇਸ ਦੌਰਾਨ ਸਾਰੇ ਆਗੂਆਂ ਨੇ ਭਾਂਡਿਆਂ ਦੀ ਸਫਾਈ ਦੀ ਸੇਵਾ ਕੀਤੀ।
ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਤੋਂ ਬਾਅਦ ਫਤਹਿਗੜ੍ਹ ਸਾਹਿਬ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਰੱਖੇ ਗਏ ਸਨ। ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸੁਖਬੀਰ ਬਾਦਲ ਦੀ ਸਜ਼ਾ ਦਾ ਦੂਜਾ ਦਿਨ ਹੈ। ਸੁਖਬੀਰ ਬਾਦਲ ਦੀ ਸੁਰੱਖਿਆ ਲਈ ਪਹਿਲੀ ਸੁਰੱਖਿਆ ਦੀ ਪਰਤ ਜ਼ੈੱਡ ਪਲੱਸ ਸੁਰੱਖਿਆ ਹੈ, ਉਸ ਤੋਂ ਬਾਅਦ ਸਾਦੇ ਕੱਪੜਿਆਂ ‘ਚ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਹਨ, ਤੀਜੀ ਪਰਤ ‘ਚ ਪਾਰਟੀ ਵਰਕਰ ਤਿਆਰ ਹਨ।