Punjab

ਮੁਹਾਲੀ ਪੁਲਿਸ ਨੇ ਇੱਕ ਦਿਨ ’ਚ ਸੁਲਝਾਇਆ ਥਾਰ ਲੁੱਟਣ ਦਾ ਮਾਮਲਾ! ਕਸ਼ਮੀਰੀ ਕੁੜੀ ਸਮੇਤ 6 ਲੋਕਾਂ ਨੇ ਲੁੱਟੀ ਸੀ ਥਾਰ

ਬਿਉਰੋ ਰਿਪੋਰਟ: ਮੁਹਾਲੀ ਪੁਲਿਸ ਨੇ ਕੱਲ੍ਹ ਸੈਕਟਰ 77 ਸੋਹਾਣਾ ਨੇੜੇ ਵਾਪਰੀ ਲੁੱਟ ਦੀ ਘਟਨਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਬੀਤੇ ਕੱਲ੍ਹ ਇੱਕ ਵਪਾਰੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਥਾਰ ਕਾਰ ਅਤੇ ਹੋਰ ਕੀਮਤੀ ਸਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੜਕੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੜਕੀ ਦੀ ਪਛਾਣ ਸ਼ਾਮੀਆ ਖਾਨ ਉਰਫ ਖੁਸ਼ੀ ਵਾਸੀ ਬਾਰਾਮੂਲਾ, ਕਸ਼ਮੀਰ ਵਜੋਂ ਹੋਈ ਹੈ। ਉਹ ਲੰਬੇ ਸਮੇਂ ਤੋਂ ਮੁਹਾਲੀ ’ਚ ਰਹਿ ਰਹੀ ਸੀ।

ਇਸ ਤੋਂ ਇਲਾਵਾ ਹੋਰ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਬਠਿੰਡਾ, ਜਸਪਾਲ ਸਿੰਘ ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ ਵਾਸੀ ਬਠਿੰਡਾ, ਵਿਕਰਮ ਸਿੰਘ ਮੁਹਾਲੀ ਅਤੇ ਅੰਗਦਜੋਤ ਸਿੰਘ ਵਾਸੀ ਸੈਕਟਰ-35 ਚੰਡੀਗੜ੍ਹ ਵਜੋਂ ਹੋਈ ਹੈ। ਇਹ ਜਾਣਕਾਰੀ ਡੀਆਈਜੀ ਰੋਪੜ ਰੇਂਜ ਨੀਲਾਂਬਰੀ ਵਿਜੇ ਜਗਦਲੇ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਗਿਰੋਹ ਫੜਿਆ ਗਿਆ ਹੈ। ਜਿਸ ਵਿੱਚ ਇੱਕ ਔਰਤ ਸਮੇਤ ਛੇ ਲੋਕ ਸ਼ਾਮਲ ਸਨ। ਉਕਤ ਗਿਰੋਹ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਕੁੜੀ ਰਾਹੀਂ ਕਰਦਾ ਸੀ ਸ਼ਿਕਾਰ

ਪੁਲਿਸ ਦੇ ਬਿਆਨ ਮੁਤਾਬਕ ਮੁਲਜ਼ਮ ਲੜਕੀ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਲੜਕੀ ਪਹਿਲਾਂ ਵੱਡੀ ਉਮਰ ਦੇ ਲੋਕਾਂ ਨਾਲ ਦੋਸਤੀ ਕਰਦੀ ਸੀ ਤੇ ਫਿਰ ਉਨ੍ਹਾਂ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਜਾਂਦੀ ਸੀ, ਜਿੱਥੇ ਪਹਿਲਾਂ ਹੀ ਗਰੋਹ ਦੇ ਹੋਰ ਮੈਂਬਰ ਸਰਗਰਮ ਹੁੰਦੇ ਸਨ ਅਤੇ ਵਿਅਕਤੀ ਨੂੰ ਰੋਕ ਕੇ ਉਸ ਕੋਲੋਂ ਕੀਮਤੀ ਸਾਮਾਨ ਅਤੇ ਵਾਹਨ ਖੋਹ ਲੈਂਦੇ ਸਨ।

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇੱਕ ਸਵਿਫਟ ਡਿਜ਼ਾਇਰ ਕਾਰ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਇਹ ਕਾਰ ਵੀ ਲੁੱਟੀ ਹੋਈ ਸੀ। ਮੁਲਜ਼ਮ ਅਰਸ਼ਦੀਪ ਖ਼ਿਲਾਫ਼ ਅੱਠ ਕੇਸ ਦਰਜ ਹਨ, ਜਦੋਂਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ।

ਸਬੰਧਿਤ ਖ਼ਬਰ – ਮੁਹਾਲੀ ’ਚ ਵਪਾਰੀ ’ਤੇ ਹਮਲਾ ਕਰਕੇ ਖੋਹੀ ਥਾਰ, ਆਈਫੋਨ ਤੇ ਸੋਨੇ ਦਾ ਕੜਾ! ਤੜਕੇ 3:15 ਵਜੇ ਵਾਪਰੀ ਘਟਨਾ, ਮੁਲਜ਼ਮ ਫਰਾਰ