ਬਿਊਰੋ ਰਿਪੋਰਟ: ਅੱਜ ਸਵੇਰੇ ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ ’ਤੇ ਗੋਲ਼ੀਬਾਰੀ ਹੋਈ ਹੈ। ਕੰਬੋਡੀਅਨ ਸੈਨਿਕਾਂ ਵੱਲੋਂ ਕੀਤੀ ਗਈ ਗੋਲ਼ੀਬਾਰੀ ਵਿੱਚ 12 ਥਾਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 14 ਜ਼ਖ਼ਮੀ ਹੋਏ ਹਨ। ਥਾਈਲੈਂਡ ਨੇ ਜਵਾਬ ਵਿੱਚ ਕੰਬੋਡੀਅਨ ਫੌਜੀ ਠਿਕਾਣਿਆਂ ’ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ’ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
ਕੰਬੋਡੀਅਨ ਵਿਦੇਸ਼ ਮੰਤਰਾਲੇ ਨੇ ਇਲਜ਼ਾਮ ਲਗਾਇਆ ਕਿ ਥਾਈ ਸੈਨਿਕਾਂ ਨੇ ਸਵੇਰੇ ਗੋਲ਼ੀਬਾਰੀ ਕੀਤੀ, ਜਦੋਂ ਕਿ ਥਾਈ ਫੌਜ ਨੇ ਕਿਹਾ ਕਿ ਕੰਬੋਡੀਆ ਨੇ ਪਹਿਲਾਂ ਡਰੋਨ ਨਾਲ ਹਮਲਾ ਕੀਤਾ ਅਤੇ ਫਿਰ ਤੋਪਾਂ ਅਤੇ ਲੰਬੀ ਦੂਰੀ ਦੇ BM21 ਰਾਕੇਟਾਂ ਨਾਲ ਹਮਲਾ ਕੀਤਾ। ਇਸ ਹਮਲੇ ਦੇ ਮੱਦੇਨਜ਼ਰ, ਥਾਈਲੈਂਡ ਨੇ ਆਪਣੀ ਸਰਹੱਦ ’ਤੇ F-16 ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ।
ਇਸ ਸਾਲ 28 ਮਈ ਨੂੰ ਸਰਹੱਦ ’ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਝੜਪ ਹੋਈ ਸੀ, ਜਿਸ ਵਿੱਚ ਇੱਕ ਕੰਬੋਡੀਅਨ ਸੈਨਿਕ ਮਾਰਿਆ ਗਿਆ ਸੀ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਜਾਰੀ ਹੈ। ਇਸ ਵਿਵਾਦ ਕਾਰਨ, ਇੰਡੋਨੇਸ਼ੀਆ ਦੇ ਪ੍ਰਧਾਨ ਮੰਤਰੀ ਪਾਈਟੋਂਗਟਾਰਨ ਸ਼ਿਨਾਵਾਤਰਾ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।