International

ਥਾਈਲੈਂਡ-ਕੰਬੋਡੀਆ ਵਿੱਚ ਲਗਾਤਾਰ ਦੂਜੇ ਦਿਨ ਗੋਲੀਬਾਰੀ: ਥਾਈਲੈਂਡ ਨੇ ਸਰਹੱਦੀ ਇਲਾਕਿਆਂ ਤੋਂ 1 ਲੱਖ ਲੋਕਾਂ ਨੂੰ ਕੱਢਿਆ

ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦੀ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਲਗਾਤਾਰ ਦੂਜੇ ਦਿਨ ਸ਼ੁੱਕਰਵਾਰ ਸਵੇਰੇ ਵੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਗੋਲੀਬਾਰੀ ਹੋਈ। ਵੀਰਵਾਰ ਨੂੰ ਕੰਬੋਡੀਅਨ ਸੈਨਿਕਾਂ ਦੀ ਗੋਲੀਬਾਰੀ ਵਿੱਚ ਥਾਈਲੈਂਡ ਦੇ 14 ਲੋਕ ਮਾਰੇ ਗਏ ਅਤੇ 10 ਤੋਂ ਵੱਧ ਜ਼ਖਮੀ ਹੋਏ।

ਜਵਾਬ ਵਿੱਚ, ਥਾਈਲੈਂਡ ਨੇ ਕੰਬੋਡੀਅਨ ਫੌਜੀ ਠਿਕਾਣਿਆਂ ‘ਤੇ F-16 ਲੜਾਕੂ ਜਹਾਜ਼ਾਂ ਨਾਲ ਹਵਾਈ ਹਮਲੇ ਕੀਤੇ। ਦੋਵਾਂ ਦੇਸ਼ਾਂ ਨੇ ਇੱਕ-ਦੂਜੇ ‘ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਗਾਇਆ। ਇਸ ਵਿਵਾਦ ਦਾ ਮੁੱਖ ਕਾਰਨ 900 ਸਾਲ ਪੁਰਾਣਾ ਸ਼ਿਵ ਮੰਦਰ, ਪ੍ਰਸਾਤ ਤਾ ਮੁਏਨ ਥੋਮ, ਹੈ, ਜਿਸ ‘ਤੇ ਦੋਵੇਂ ਦੇਸ਼ ਅਪਣਾ ਹੱਕ ਜਤਾਉਂਦੇ ਹਨ। ਥਾਈਲੈਂਡ ਦੇ ਨਕਸ਼ੇ ਵਿੱਚ ਇਹ ਮੰਦਰ ਸ਼ਾਮਲ ਹੈ, ਪਰ ਕੰਬੋਡੀਆ ਇਸ ਨੂੰ ਅਪਣੀ ਸੱਭਿਆਚਾਰਕ ਵਿਰਾਸਤ ਮੰਨਦਾ ਹੈ।

ਕੰਬੋਡੀਆ ਮੁਤਾਬਕ, ਵੀਰਵਾਰ ਸਵੇਰੇ 6:30 ਵਜੇ ਥਾਈ ਸੈਨਿਕਾਂ ਨੇ ਮੰਦਰ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਗਾਈ, ਫਿਰ 7:00 ਵਜੇ ਡਰੋਨ ਛੱਡਿਆ ਅਤੇ 8:30 ਵਜੇ ਹਵਾਈ ਫਾਇਰਿੰਗ ਸ਼ੁਰੂ ਕੀਤੀ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਜ਼ਮੀਨ ਦੀ ਰੱਖਿਆ ਲਈ ਜਵਾਬੀ ਕਾਰਵਾਈ ਕਰਨੀ ਪਈ। ਥਾਈਲੈਂਡ ਨੇ ਸਰਹੱਦੀ ਖੇਤਰ ਤੋਂ ਲਗਭਗ 40,000 ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 86 ਪਿੰਡਾਂ ਦੇ ਵਸਨੀਕ ਸ਼ਾਮਲ ਹਨ।

ਥਾਈਲੈਂਡ ਨੇ ਕੰਬੋਡੀਆ ਵਿੱਚ ਰਹਿਣ ਵਾਲੇ ਅਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਦੀ ਅਪੀਲ ਕੀਤੀ, ਜਦਕਿ ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ ਵਿੱਚ ਥਾਈ ਦੂਤਾਵਾਸ ਨੇ ਸਥਿਤੀ ਵਿਗੜਨ ਦਾ ਹਵਾਲਾ ਦਿੰਦਿਆਂ ਨਾਗਰਿਕਾਂ ਨੂੰ ਜਲਦੀ ਦੇਸ਼ ਛੱਡਣ ਲਈ ਕਿਹਾ। ਕੰਬੋਡੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ, ਜਦਕਿ ਥਾਈਲੈਂਡ ਦਾ ਕਹਿਣਾ ਹੈ ਕਿ ਗੱਲਬਾਤ ਤੋਂ ਪਹਿਲਾਂ ਗੋਲੀਬਾਰੀ ਰੁਕਣੀ ਚਾਹੀਦੀ।

ਇਹ ਸੰਘਰਸ਼, ਜੋ ਮਈ 2025 ਵਿੱਚ ਇੱਕ ਕੰਬੋਡੀਅਨ ਸੈਨਿਕ ਦੀ ਮੌਤ ਨਾਲ ਸ਼ੁਰੂ ਹੋਇਆ, 1907 ਦੇ ਫਰਾਂਸੀਸੀ ਨਕਸ਼ੇ ਦੇ ਅਸਪਸ਼ਟ ਸਰਹੱਦੀ ਚਿੰਨ੍ਹਾਂ ਕਾਰਨ ਵਧਿਆ। ਇਸ ਨੇ ਦੋਵਾਂ ਦੇਸ਼ਾਂ ਵਿੱਚ ਰਾਸ਼ਟਰਵਾਦੀ ਜਜ਼ਬਾਤਾਂ ਨੂੰ ਹਵਾ ਦਿੱਤੀ ਹੈ, ਜਿਸ ਨਾਲ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੇਟੋਂਗਟਾਰਨ ਸ਼ਿਨਾਵਾਤਰਾ ਦੀ ਸਰਕਾਰ ‘ਤੇ ਸਿਆਸੀ ਦਬਾਅ ਵਧਿਆ ਹੈ।