The Khalas Tv Blog India ਥਾਈਲੈਂਡ ’ਚ 80 ਘੰਟਿਆਂ ਤੋਂ ਫਸੇ 100 ਭਾਰਤੀ ਯਾਤਰੀ! 3 ਦਿਨਾਂ ’ਚ 3 ਵਾਰ ਮੁਲਤਵੀ ਕੀਤੀ ਏਅਰ ਇੰਡੀਆ ਦੀ ਉਡਾਣ
India International

ਥਾਈਲੈਂਡ ’ਚ 80 ਘੰਟਿਆਂ ਤੋਂ ਫਸੇ 100 ਭਾਰਤੀ ਯਾਤਰੀ! 3 ਦਿਨਾਂ ’ਚ 3 ਵਾਰ ਮੁਲਤਵੀ ਕੀਤੀ ਏਅਰ ਇੰਡੀਆ ਦੀ ਉਡਾਣ

ਬਿਉਰੋ ਰਿਪੋਰਟ: ਥਾਈਲੈਂਡ ਦੇ ਫੁਕੇਟ ਵਿੱਚ ਪਿਛਲੇ 80 ਘੰਟਿਆਂ ਤੋਂ 100 ਤੋਂ ਵੱਧ ਭਾਰਤੀ ਯਾਤਰੀ ਫਸੇ ਹੋਏ ਹਨ। ਇਹ ਯਾਤਰੀ ਏਅਰ ਇੰਡੀਆ ਦੀ ਉਡਾਣ ਰਾਹੀਂ ਦਿੱਲੀ ਪਰਤ ਰਹੇ ਸਨ ਪਰ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ। ਦੱਸਿਆ ਗਿਆ ਹੈ ਕਿ ਦਿੱਲੀ ਜਾਣ ਵਾਲੀ ਫਲਾਈਟ ਨੂੰ 3 ਵਾਰ ਮੁਲਤਵੀ ਕੀਤਾ ਗਿਆ ਸੀ। ਇਸ ਨੇ ਇਕ ਵਾਰ ਉਡਾਣ ਵੀ ਭਰੀ, ਪਰ ਢਾਈ ਘੰਟੇ ਬਾਅਦ ਇਸ ਨੂੰ ਫੂਕੇਟ ਹਵਾਈ ਅੱਡੇ ’ਤੇ ਵਾਪਸ ਲੈਂਡ ਕਰ ਦਿੱਤਾ ਗਿਆ।

ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਮੁਤਾਬਕ ਫਲਾਈਟ ਨੇ 16 ਨਵੰਬਰ ਦੀ ਰਾਤ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ 6 ਘੰਟੇ ਲਈ ਟਾਲ਼ ਦਿੱਤਾ ਗਿਆ। ਘੰਟਿਆਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਯਾਤਰੀਆਂ ਨੂੰ ਸਵਾਰ ਹੋਣ ਲਈ ਕਿਹਾ ਗਿਆ, ਪਰ ਇੱਕ ਘੰਟੇ ਬਾਅਦ ਫਲਾਈਟ ਫੇਰ ਰੱਦ ਕਰ ਦਿੱਤੀ ਗਈ।

ਇਸਤੋਂ ਅਗਲੇ ਦਿਨ ਯਾਤਰੀਆਂ ਨੂੰ ਦੱਸਿਆ ਗਿਆ ਕਿ ਫਲਾਈਟ ਹੁਣ ਉੱਡਣ ਲਈ ਤਿਆਰ ਹੈ। ਜਹਾਜ਼ ਨੇ ਉਡਾਣ ਭਰੀ, ਪਰ ਲਗਭਗ ਢਾਈ ਘੰਟੇ ਬਾਅਦ ਫੇਰ ਫੂਕੇਟ ਵਾਪਸ ਪਰਤਿਆ। ਇਕ ਵਾਰ ਫਿਰ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੰਦੇ ਹੋਏ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਉਦੋਂ ਤੋਂ ਸਾਰੇ ਯਾਤਰੀ ਫੁਕੇਟ ’ਚ ਫਸੇ ਹੋਏ ਹਨ। ਇਸ ਵਿੱਚ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ।

ਯਾਤਰੀਆਂ ਦਾ ਇਲਜ਼ਾਮ – ਏਅਰਲਾਈਨ ਸਹੀ ਜਾਣਕਾਰੀ ਨਹੀਂ ਦੇ ਰਹੀ

ਯਾਤਰੀਆਂ ਦਾ ਕਹਿਣਾ ਹੈ ਕਿ ਏਅਰਲਾਈਨ ਦੇ ਕਰੂ ਮੈਂਬਰ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ। ਹਾਲਾਂਕਿ, ਏਅਰਲਾਈਨ ਨੇ ਕਿਹਾ ਹੈ ਕਿ ਯਾਤਰੀਆਂ ਨੂੰ ਰਿਹਾਇਸ਼ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਮੁਆਵਜ਼ਾ ਵੀ ਦਿੱਤਾ ਜਾਵੇਗਾ।

Exit mobile version