India

ਅੱਤਵਾਦੀਆਂ ਨੇ OLX ਰਾਹੀਂ ਖ਼ਰੀਦੀ ਸੀ ਦਿੱਲੀ ਧਮਾਕੇ ਵਾਲੀ i20 ਕਾਰ, ਵੱਡੇ ਖ਼ੁਲਾਸੇ

ਬਿਊਰੋ ਰਿਪੋਰਟ (12 ਨਵੰਬਰ, 2025): ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਗੁਰੂਗ੍ਰਾਮ ਨੰਬਰ ਵਾਲੀ ਜਿਸ i20 ਕਾਰ (HR26-CE-7674) ਵਿੱਚ ਧਮਾਕਾ ਹੋਇਆ ਸੀ, ਉਹ ਫਰੀਦਾਬਾਦ ਤੋਂ ਖਰੀਦੀ ਗਈ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਅੱਤਵਾਦੀਆਂ ਨੇ OLX ਰਾਹੀਂ ਇਸ ਦਾ ਸੌਦਾ ਕੀਤਾ ਸੀ। ਜਿਸ ਤੋਂ ਬਾਅਦ ਉਹ ਫਰੀਦਾਬਾਦ ਪਹੁੰਚ ਕੇ ਕਾਰ ਲੈ ਗਏ ਸਨ।

ਇਸ ਗੱਲ ਦੀ ਪੁਸ਼ਟੀ ਫਰੀਦਾਬਾਦ ਦੇ ਰਾਇਲ ਕਾਰ ਜ਼ੋਨ ਦੇ ਮਾਲਕ ਅਮਿਤ ਪਟੇਲ ਨੇ ਕੀਤੀ ਹੈ। ਉਨ੍ਹਾਂ ਨੇ ਕਾਰ ਵੇਚਣ ਤੋਂ ਲੈ ਕੇ ਪੁਲਿਸ ਜਾਂਚ ਤੱਕ ਦੀ ਪੂਰੀ ਕਹਾਣੀ ਦੱਸੀ। ਉਨ੍ਹਾਂ ਦੱਸਿਆ ਕਿ ਕਾਰ ਖਰੀਦਣ ਲਈ ਜੋ ਆਈ.ਡੀ. ਦਿੱਤੀਆਂ ਗਈਆਂ ਸਨ, ਉਨ੍ਹਾਂ ਵਿੱਚ ਪਤਾ ਪੁਲਵਾਮਾ ਦਾ ਸੀ।

ਕਾਰ ਖਰੀਦਣ ਵਾਲੇ ਵਿਅਕਤੀ, ਜਿਸ ਦਾ ਨਾਮ ਆਮਿਰ ਰਸ਼ੀਦ ਦੱਸਿਆ ਗਿਆ ਹੈ, ਦੇ ਨਾਲ ਇੱਕ ਹੋਰ ਵਿਅਕਤੀ ਸੀ, ਜਿਸ ਦਾ ਨਾਮ ਉਨ੍ਹਾਂ ਨੂੰ ਪਤਾ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਰ ਆਪਣੇ ਨਾਮ ਕਰਵਾਉਣ ਲਈ ਦਿੱਤੇ ਗਏ ਸਮੇਂ ਤੋਂ ਪਹਿਲਾਂ ਹੀ ਉਸ ਵਿੱਚ ਧਮਾਕਾ ਕਰ ਦਿੱਤਾ ਗਿਆ।

ਇਸ ਦਾਅਵੇ ਨਾਲ ਹੁਣ ਕਾਰ ਦੇ ਮਾਲਕ ਸਲਮਾਨ ਦੇ ਦਾਅਵੇ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ, ਜਿਸ ਨੇ ਇਹ ਕਾਰ ‘ਸਪੀਨੀ’ (Spinny) ਨੂੰ ਵੇਚਣ ਦੀ ਗੱਲ ਕਹੀ ਸੀ, ਪਰ ਅਸਲ ਵਿੱਚ ਇਹ ਕਾਰ OLX ਰਾਹੀਂ ਡੀਲਰ ਨੇ ਵੇਚੀ ਸੀ।