ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸ਼ੁੱਕਰਵਾਰ (1 ਨਵੰਬਰ) ਦੁਪਹਿਰ ਕਰੀਬ 2:45 ਵਜੇ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ’ਤੇ ਹੋਏ ਪੈਟਰੋਲ ਬੰਬ ਹਮਲੇ ’ਚ ਅੱਤਵਾਦੀ ਸਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਹਮਲਾ ਪਾਕਿਸਤਾਨ ਵਿੱਚ ਲੁਕੇ ਬਾਗ਼ੀ ਰਣਜੀਤ ਸਿੰਘ ਉਰਫ਼ ਰਣਜੀਤ ਨੀਟਾ ਨੇ ਕੀਤਾ ਸੀ। ਨੀਟਾ ਭਾਰਤ ਵਿੱਚ ਮੋਸਟ ਵਾਂਟੇਡ ਦੀ ਸੂਚੀ ਵਿੱਚ ਸ਼ਾਮਲ ਹੈ। ਰਣਜੀਤ ਸਿੰਘ ਨੀਟਾ ਦੇ ਮੁੱਖ ਹੈਂਡਲਰ ਫਤਿਹ ਸਿੰਘ ਬਾਗੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਮੁਲਜ਼ਮਾਂ ਨੇ ਇਸ ਹਮਲੇ ਸਬੰਧੀ ਕਿਹਾ ਹੈ ਕਿ ਇਹ ਸਿਰਫ਼ ਇੱਕ ਚੇਤਾਵਨੀ ਸੀ, ਜੇਕਰ ਤੁਸੀਂ ਨਾ ਸੁਧਰੇ ਤਾਂ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। ਇਹ ਜ਼ਿੰਮੇਵਾਰੀ ਕਈ ਪੱਤਰਕਾਰਾਂ ਨੂੰ ਭੇਜੀ ਗਈ ਈਮੇਲ ਰਾਹੀਂ ਲਈ ਗਈ ਹੈ। ਲੁਧਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੀਟਾ ਦੇ ਮੁੱਖ ਹੈਂਡਲਰ ਨੇ ਪੋਸਟ ਵਿੱਚ ਲਿਖਿਆ
“ਪਿਛਲੇ ਦਿਨੀਂ ਹਿੰਦੂ ਦਹਿਸ਼ਤਗਰਦਾਂ ਦੇ ਟਿਕਾਣਿਆਂ ਉੱਤੇ ਪੈਟਰੋਲ ਬੰਬ ਦੇ ਨਾਲ ਵਾਰਨਿੰਗ ਦਿੱਤੀ ਗਈ ਹੈ। ਅਗਰ ਇਨਾਂ ਨੇ ਆਪਣੀਆਂ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਲਗਾਮ ਨਾ ਲਗਾਈ ਤਾਂ ਇਸ ਤੋਂ ਵੀ ਸਖ਼ਤ ਨਤੀਜੇ ਭੁਗਤਣ ਲਈ ਤਿਆਰ ਰਹਿਣ। ਇਹਨਾਂ ਵੱਲੋਂ ਆਏ ਦਿਨ ਸਿੱਖ ਜ਼ਖ਼ਮਾਂ ਤੇ ਲੂਣ ਛਿੜਕਿਆ ਜਾਂਦਾ ਹੈ। 6 ਜੂਨ ਦੇ ਘੱਲੂਘਾਰੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਵਾਲੇ ਦਿਨਾਂ ਵਿੱਚ ਇਹਨਾਂ ਵੱਲੋਂ ਜਾਣ ਬੁਝ ਕੇ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਦੇ ਕਾਤਲਾਂ ਅਤੇ ਸਾਕਾ ਨੀਲਾ ਤਾਰਾ ਦੇ ਦੋਸ਼ੀਆਂ ਨੂੰ ਆਪਣੇ ਆਦਰਸ਼ ਦਰਸਾਕੇ ਜੋ ਪ੍ਰੋਗਰਾਮ ਕੀਤੇ ਜਾਂਦੇ ਹਨ ਉਹ ਨਾ ਕਾਬਿਲੇ ਬਰਦਾਸ਼ਤ ਹਨ। ਜਥੇਦਾਰ ਭਾਈ ਰਣਜੀਤ ਸਿੰਘ ਜੰਮੂ ਮੁੱਖੀ ਖਾਲਿਸਤਾਨ ਜਿੰਦਾਬਾਦ ਫੋਰਸ ਦੀ ਰਹਿਨੁਮਾਈ ਹੇਠ ਇਹ ਕਾਰਵਾਈਆਂ ਕੀਤੀਆਂ ਗਈਆਂ ਹਨ ਤੇ ਅਸੀਂ ਆਪਣੇ ਸ਼ਹੀਦ ਭਰਾਵਾਂ ਦੇ ਕੌਮੀ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।”




 
																		 
																		 
																		 
																		