ਪਾਕਿਸਤਾਨ ‘ਚ ਆਜ਼ਾਦੀ ਦਿਵਸ ਤੋਂ ਪਹਿਲਾਂ ਮੰਗਲਵਾਰ ਨੂੰ ਬਲੋਚਿਸਤਾਨ ਸੂਬੇ ‘ਚ ਅੱਤਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ‘ਚ 3 ਲੋਕਾਂ ਦੀ ਮੌਤ ਹੋ ਗਈ। 6 ਲੋਕ ਜ਼ਖਮੀ ਵੀ ਹੋਏ ਹਨ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਲਿਆਕਤ ਬਾਜ਼ਾਰ ‘ਚ ਝੰਡੇ ਵੇਚਣ ਵਾਲੇ ਦੁਕਾਨਦਾਰ ‘ਤੇ ਇਹ ਹਮਲਾ ਕੀਤਾ ਗਿਆ।
ਪਾਕਿਸਤਾਨੀ ਅਖਬਾਰ ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐਲਏ ਨੇ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੇ ਦੁਕਾਨਦਾਰਾਂ ਨੂੰ ਝੰਡੇ ਵੇਚਣ ਤੋਂ ਵਰਜਿਆ ਸੀ। ਜਦੋਂ ਦੁਕਾਨਦਾਰਾਂ ਨੇ ਗੱਲ ਨਹੀਂ ਸੁਣੀ ਤਾਂ ਉਨ੍ਹਾਂ ‘ਤੇ ਬੰਬ ਨਾਲ ਹਮਲਾ ਕਰ ਦਿੱਤਾ ਗਿਆ।
ਲਿਆਕਤ ਬਾਜ਼ਾਰ ਕਵੇਟਾ ਦੀਆਂ ਸਭ ਤੋਂ ਵਿਅਸਤ ਗਲੀਆਂ ਵਿੱਚੋਂ ਇੱਕ ਹੈ। ਹਮਲੇ ਦੌਰਾਨ ਇੱਥੇ ਕਾਫੀ ਭੀੜ ਸੀ। ਪਾਕਿਸਤਾਨ ‘ਚ ਬੁੱਧਵਾਰ ਨੂੰ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਬੀਐਲਏ ਨੇ ਲੋਕਾਂ ਨੂੰ 14 ਅਗਸਤ ਨੂੰ ਛੁੱਟੀ ਨਾ ਮਨਾਉਣ ਲਈ ਕਿਹਾ ਹੈ। ਇਸ ਦੌਰਾਨ ਸਰਕਾਰੀ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਹਸਪਤਾਲ ਵਿੱਚ ਛੇ ਜ਼ਖ਼ਮੀ ਅਤੇ ਤਿੰਨ ਲਾਸ਼ਾਂ ਪਹੁੰਚੀਆਂ ਹਨ।
ਹਮਲੇ ਪਹਿਲਾਂ ਵੀ ਹੋਏ, ਕਈ ਦੁਕਾਨਦਾਰਾਂ ਨੇ ਝੰਡੇ ਵੇਚਣੇ ਬੰਦ ਕਰ ਦਿੱਤੇ
ਪਾਕਿਸਤਾਨੀ ਅਖਬਾਰ ਡੇਲੀ ਟਾਈਮਜ਼ ਮੁਤਾਬਕ ਬਲੋਚਿਸਤਾਨ ‘ਚ ਹਾਲ ਦੇ ਸਾਲਾਂ ‘ਚ ਆਜ਼ਾਦੀ ਦਿਵਸ ‘ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ। ਅੱਤਵਾਦੀਆਂ ਨੇ ਰਾਸ਼ਟਰੀ ਝੰਡੇ ਵੇਚਣ ਵਾਲੇ ਸਟਾਲਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਕਾਰਨ ਕਈ ਦੁਕਾਨਦਾਰ ਆਪਣਾ ਕਾਰੋਬਾਰ ਛੱਡਣ ਲਈ ਮਜਬੂਰ ਹੋ ਗਏ ਹਨ। 2022 ਅਤੇ 2023 ਵਿਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਸਨ, ਜਿਨ੍ਹਾਂ ਵਿਚ ਪਾਕਿਸਤਾਨੀ ਝੰਡੇ ਵੇਚਣ ਵਾਲੇ ਲੋਕਾਂ ‘ਤੇ ਹਮਲੇ ਹੋਏ ਸਨ।
ਬਲੋਚਿਸਤਾਨ ਦੇ ਸੂਬਾਈ ਗ੍ਰਹਿ ਅਤੇ ਕਬਾਇਲੀ ਮਾਮਲਿਆਂ ਦੇ ਮੰਤਰੀ ਮੀਰ ਜ਼ਿਆ ਉੱਲਾ ਲੰਗੋਵ ਨੇ ਕਿਹਾ ਕਿ ਸਰਕਾਰ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਤਿਉਹਾਰ ਦਿਵਸ ਮੌਕੇ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਧਮਕੀਆਂ ਦਾ ਡਰ ਹੈ ਤਾਂ ਉਹ ਪੁਲੀਸ ਨੂੰ ਸੂਚਿਤ ਕਰੇ। ਉਹ ਉਨ੍ਹਾਂ ਦੀ ਰੱਖਿਆ ਕਰੇਗੀ।