International

ਫਰਾਂਸ ‘ਚ ਅੱਤਵਾਦੀ ਹਮਲਾ, ਇੱਕ ਔਰਤ ਦਾ ਸਿਰ ਕਲਮ, ਤਿੰਨ ਮਰੇ

‘ਦ ਖ਼ਾਲਸ ਬਿਊਰੋ :- ਫਰਾਂਸ ਦੇ ਨੀਸ ਸ਼ਹਿਰ ਵਿੱਚ ਇੱਕ ਸ਼ੱਕੀ ਹਮਲਾਵਰ ਨੇ ਚਾਕੂ ਨਾਲ ਕਈ ਜਣਿਆਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਫਰਾਂਸ ਦੀ ਪੁਲਿਸ ਦੀ ਜਾਣਕਾਰੀ ਮੁਤਾਬਿਕ ਇਸ ਹਮਲੇ ਵਿੱਚ ਘੱਟੋ ਘੱਟ ਤਿੰਨ ਜਣੇ ਮਾਰੇ ਗਏ ਹਨ ਅਤੇ ਮਰਨ ਵਾਲਿਆਂ ਵਿਚੋਂ ਇੱਕ ਔਰਤ ਦਾ ਸਿਰ ਕਲਮ ਕੀਤਾ ਗਿਆ ਹੈ। ਹਮਲੇ ਦੌਰਾਨ ਕੁੱਝ ਲੋਕ ਜ਼ਖ਼ਮੀ ਵੀ ਹੋਏ ਹਨ।

ਇਹ ਹਮਲਾ ਨਾਟ੍ਰੇ -ਡੈਮ ਬੈਸੇਲਿਕਾ ਦੇ ਨੇੜੇ ਹੋਇਆ ਹੈ। ਨੀਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਇਸ ਹਮਲੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੇਅਰ ਨੇ ਦੱਸਿਆ ਕਿ ਹਮਲਾਵਰ ਵਾਰ-ਵਾਰ ਅੱਲ੍ਹਾ ਹੂੰ ਅਕਬਰ (ਅੱਲ੍ਹਾ ਮਹਾਨ ਹੈ) ਦੇ ਨਾਅਰੇ ਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਜਿਸ ਤਰ੍ਹਾਂ ਦਾ ਹਮਲਾ ਹੈ, ਉਸ ਨਾਲ ”ਅੱਤਵਾਦੀ ਹਮਲੇ” ਦੇ ਸੰਕੇਤ ਮਿਲਦੇ ਹਨ। ਫਰਾਂਸ ਦੀ ਅੱਤਵਾਦ ਵਿਰੋਧੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੀਸ ਭੂ -ਮੱਧ ਸਾਗਰ ਦੇ ਤਟ ‘ਤੇ ਪੈਂਦੇ ਦੱਖਣੀ ਫਰਾਂਸ ਦਾ ਮੁੱਖ ਸ਼ਹਿਰ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਰੈਂਚ ਰਿਵੋਰਾ ਸ਼ਹਿਰ ਦੇ ਇਲ਼ਾਕੇ ਵਿੱਚ ਜਾਣ ਤੋਂ ਬਚਣ।

 

ਕੁੱਝ ਦਿਨ ਪਹਿਲਾਂ ਅਧਿਆਪਕ ਦਾ ਹੋਇਆ ਸੀ ਕਤਲ

ਦਰਅਲਸ ਫਰਾਂਸ ਦੀ ਰਾਜਧਾਨੀ ਪੈਰਿਸ ‘ਚ 16 ਅਕਤੂਬਰ ਨੂੰ ਇੱਕ ਹਮਲਾਵਰ ਨੇ 47 ਸਾਲ ਦੇ ਅਧਿਆਪਕ ਸੈਮੂਅਲ ਪੈਟੀ ‘ਤੇ ਚਾਕੂ ਨਾਲ ਹਮਲਾ ਕਰਦਿਆਂ ਉਸ ਦਾ ਸਿਰ ਵੱਢ ਦਿੱਤਾ ਸੀ। ਕਤਲ ਦੀ ਇਹ ਵਾਰਦਾਤ ਪੈਰਿਸ ਦੇ ਪੂਰਬੀ-ਪੱਛਮੀ ਇਲਾਕੇ ਕਾਨਫ਼ਲੈਨਸ ਸੌਂ ਹੋਨੋਰੀ ਨਾਮ ਦੇ ਇੱਕ ਸਕੂਲ ਦੇ ਨੇੜੇ ਹੋਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਵਿੱਚ ਉਹ ਮਾਪੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਬੱਚੇ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਗਏ ਸਨ। ਪੁਲਿਸ ਮੁਤਾਬਕ ਹਮਲਾਵਰ ਦੀ ਉਮਰ 18 ਸਾਲ ਹੈ। ਅਧਿਆਪਕਾ ਨੇ ਆਪਣੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦੇ ਉਹ ਕਾਰਟੂਨ ਦਿਖਾਏ ਸਨ ਜੋ ਕੁੱਝ ਸਾਲ ਪਹਿਲਾਂ ਫ੍ਰੈਂਚ ਮੈਗਜ਼ੀਨ ਸ਼ਾਰਲੀ ਏਬਦੋ ਨੇ ਛਾਪੇ ਸਨ।

ਫਰਾਂਸ ਦਾ ਤਿੱਖਾ ਪ੍ਰਤੀਕਰਮ

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਅਧਿਆਪਕ ਨੂੰ ਇਸਲਾਮਕ ਅੱਤਵਾਦੀ ਹਮਲੇ ਦਾ ਪੀੜਤ ਦੱਸਿਆ ਸੀ ਅਤੇ ਕਿਹਾ ਸੀ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਸਮਰਥਕ ਸਨ। ਉਨ੍ਹਾਂ ਨੇ ਹਮਲਾਵਰ ਨੂੰ ‘ਇਸਲਾਮਿਕ ਟੈਰੇਰਿਸਟ ਅਟੈਕ’ ਆਖਿਆ ਹੈ।

ਅਧਿਆਪਕ ਦੇ ਸਿਰ ਕਲਮ ਕਰਨ ਦੇ ਜਵਾਬ ਵਿੱਚ, ਇਸਲਾਮਿਕ ਕੱਟੜਵਾਦੀਆਂ ‘ਤੇ ਫਰਾਂਸ ਦੀ ਸਰਕਾਰ ਵੱਲੋਂ ਕੀਤੀ ਗਈ ਇਹ ਕਾਰਵਾਈ ਕਾਫ਼ੀ ਤਿੱਖੀ ਤੇ ਸਖ਼ਤ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਪਿਛਲੇ ਹਫ਼ਤੇ ਆਪਣੀ ਰੱਖਿਆ ਪ੍ਰੀਸ਼ਦ ਨੂੰ ਕਿਹਾ “ਡਰ ਨਾਲ ਹੀ ਹਾਲਾਤ ਬਦਲਣਗੇ।”

ਸਰਕਾਰ ਨੇ 120 ਤੋਂ ਵੱਧ ਲੋਕਾਂ ਦੀ ਭਾਲ, ਕੱਟੜਵਾਦੀ ਬਿਆਨਬਾਜ਼ੀ ਫੈਲਾਉਣ ਦੇ ਇਲਜ਼ਾਮਾਂ ਵਾਲੀਆਂ ਐਸੋਸੀਏਸ਼ਨਾਂ ਨੂੰ ਭੰਗ ਕਰਨ, ਅੱਤਵਾਦੀ ਫੰਡਾਂ ਨੂੰ ਨਿਸ਼ਾਨਾ ਬਣਾਉਣ, ਅਧਿਆਪਕਾਂ ਲਈ ਨਵਾਂ ਸਮਰਥਨ ਤੇ ਸੋਸ਼ਲ ਮੀਡੀਆ ਕੰਪਨੀਆਂ ‘ਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ।

ਇਸਲਾਮਿਕ ਮੁਲਕਾਂ ਵਲੋਂ ਫਰਾਂਸ ਦਾ ਬਾਈਕਾਟ ਭਾਰਤ ਵਲੋਂ ਸਮਰਥਨ

ਰਾਸ਼ਟਰਪਤੀ ਇਮੈਨੁਅਲ ਮੈਕਰੌਨ ਦੀਆਂ ਸਖ਼ਤ ਟਿੱਪਣੀਆਂ ਤੋਂ ਬਾਅਦ ਤੁਰਕੀ ਤੇ ਇਰਾਨ ਵਰਗੇ ਕਈ ਇਸਲਾਮਿਕ ਮੁਲਕਾਂ ਨੇ ਫਰਾਂਸ ਦੀਆਂ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਤੇ ਬੰਗਲਾ ਦੇਸ ਵਰਗੇ ਮੁਲਕਾਂ ਵਿੱਚ ਵੀ ਫਰਾਂਸ ਖ਼ਿਲਾਫ਼ ਮੁਜ਼ਾਹਰੇ ਦੇਖਣ ਨੂੰ ਮਿਲੇ ਸਨ। ਮੁਸਲਿਮ ਦੇਸ਼ਾਂ ਵੱਲੋਂ ਫਰਾਂਸ ਦੀਆਂ ਵਸਤੂਆਂ ਦਾ ਬਾਈਕਾਟ ਕਰਨ ਲਈ ਚਲਾਈ ਗਈ ਮੁਹਿੰਮ ਵਿਚਾਲੇ ਭਾਰਤ ਨੇ ਫਰਾਂਸ ਦਾ ਸਮਰਥਨ ਕੀਤਾ ਹੈ।

ਕੌਮਾਂਤਰੀ ਅਖ਼ਬਾਰ ਅਲਜਜ਼ੀਰਾ ਦੀ ਖ਼ਬਰ ਮੁਤਾਬਕ 26 ਤੇ 27 ਅਕਤੂਬਰ ਨੂੰ ਟਵਿੱਟਰ ‘ਤੇ #IStandWithFrance ਅਤੇ #WeStandWithFrance ਹੈਸ਼ਟੈਗ ਟੌਪ ‘ਤੇ ਟਰੈਂਡ ਵਿੱਚ ਰਿਹਾ। ਜਿਸ ਵਿੱਚ ਹਜ਼ਾਰਾਂ ਭਾਰਤੀਆਂ ਵੱਲੋਂ ਫਰਾਂਸ ਦੀ ਹਮਾਇਤ ਕੀਤੀ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਆਪਣੀ ਪ੍ਰਤਿਕਿਆ ਦੇ ਦਿੱਤੀ ਹੈ। 28 ਅਕਤੂਬਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਫਰਾਂਸੀਸੀ ਰਾਸ਼ਟਰਪਤੀ ਦਾ ਸਮਰਥਨ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, “ਕੌਮਾਂਤਰੀ ਵਿਵਾਦ ਦੇ ਸਭ ਤੋਂ ਬੁਨਿਆਦੀ ਮਾਨਕਾਂ ਦੇ ਉਲੰਘਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਿੱਚ ਵਿਅਕਤੀਗਤ ਹਮਲਿਆਂ ਦੀ ਅਸੀਂ ਨਿੰਦਾ ਕਰਦੇ ਹਾਂ।” ”ਅਸੀਂ ਨਾਲ ਹੀ ਭਿਆਨਕ ਤਰੀਕੇ ਨਾਲ ਅੱਤਵਾਦੀ ਹਮਲੇ ਵਿੱਚ ਫਰਾਂਸੀਸੀ ਅਧਿਆਪਕ ਦੇ ਕਤਲ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰ ਤੇ ਫਰਾਂਸ ਦੇ ਲੋਕਾਂ ਪ੍ਰਤੀ ਹਮਦਰਦੀ ਜਤਾਉਂਦੇ ਹਾਂ।”