Punjab

ਬਟਾਲਾ ਪੁਲਿਸ ਸਟੇਸ਼ਨ ‘ਤੇ ਅੱਤਵਾਦੀ ਹਮਲੇ ਦਾ ਦਾਅਵਾ, ਹਮਲਾ ਰਾਕੇਟ ਲਾਂਚਰ ਨਾਲ ਕੀਤਾ ਹਮਲਾ

ਬਟਾਲਾ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਨੇੜੇ ਦੇਰ ਰਾਤ 12:35 ਵਜੇ ਜ਼ੋਰਦਾਰ ਅਵਾਜ਼ ਸੁਣਾਈ ਦਿੱਤੀ ਜਿਸ ਕਾਰਨ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਕਿਲਾ ਲਾਲ ਸਿੰਘ ਦੇ ਵਸਨੀਕਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਬੀਤੀ ਰਾਤ ਤਿੰਨ ਜ਼ੋਰਦਾਰ ਧਮਾਕੇ ਸੁਣੇ ਗਏ।

ਹਾਲਾਂਕਿ, ਪੁਲਿਸ ਨੇ ਇਸ ਸਬੰਧ ਵਿੱਚ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਧਮਾਕਾ ਬਟਾਲਾ ਦੇ ਫਤਿਹਗੜ੍ਹ ਚੂੜੀਆਂ ਕਸਬੇ ਵਿੱਚ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਦੇ ਸਾਹਮਣੇ ਤੋਂ ਲੰਘਦੀ ਨਹਿਰ ਦੇ ਨੇੜੇ ਹੋਇਆ। ਪੁਲਿਸ ਨੇ ਰਾਤ ਤੋਂ ਹੀ ਥਾਣੇ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਪਰ ਪੁਲਿਸ ਅਜੇ ਤੱਕ ਧਮਾਕੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦੇ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਤੋਂ ਬਾਅਦ ਸ਼ੋਸਲ ਮੀਡੀਆ ਅਕਾਉਂਟ ਤੇ ਇੱਕ ਪੋਸਟ ਪਾਕੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਬਦਮਾਸ਼ ਹੈਪੀ ਪਛੀਆਂ ਨੇ ਕਰਵਾਇਆ ਜੋ ਕਿ ਰਾਕੇਟ ਲਾਂਚਰ ਨਾਲ ਕੀਤਾ ਗਿਆ ਹੈ। ਪੀਲੀਭੀਤ ਵਿੱਚ ਕੀਤੇ ਗਏ ਮੁਕਾਬਲੇ ਨੂੰ ਇਸ ਹਮਲੇ ਦਾ ਕਾਰਨ ਦੱਸਿਆ ਗਿਆ ਹੈ। ਹੈਪੀ ਪਾਸੀਆਂ, ਮੰਨੂੰ ਅਗਵਾਨ ਅਤੇ ਗੋਪੀ ਨਵਾਂਸ਼ਹਿਰਆ ਵੱਲੋਂ ਇਸਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਅਸੀਂ ਇਸ ਪੋਸਟ ਦੀ ਅਧਿਕਾਰਿਤ ਪੁਸ਼ਟੀ ਨਹੀਂ ਕਰਦੇ।