India

ਆਗਰਾ ਐਕਸਪ੍ਰੈਸ ਵੇਅ ‘ਤੇ ਭਿਆਨਕ ਸੜਕ ਹਾਦਸਾ, 18 ਦੀ ਮੌਤ, ਕਈ ਜ਼ਖਮੀ

ਉੱਤਰ ਪ੍ਰਦੇਸ਼ : ਆਗਰਾ ਐਕਸਪ੍ਰੈਸ ਵੇਅ ‘ਤੇ ਬੁੱਧਵਾਰ ਸਵੇਰੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਤੇਜ਼ ਰਫ਼ਤਾਰ ਡਬਲ ਡੈਕਰ ਬੱਸ ਦੁੱਧ ਦੇ ਕੰਟੇਨਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਕੰਟੇਨਰ ਦੇ ਉਪਰੋਂ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਵੱਧ ਜ਼ਖ਼ਮੀ ਹਨ। ਪ੍ਰਸ਼ਾਸਨ ਵੱਲੋਂ 18 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਉਨਾਵ ਜ਼ਿਲੇ ਦੇ ਬੇਹਟਾ ਮੁਜਾਵਰ ਥਾਣਾ ਖੇਤਰ ਦੇ ਗਧਾ ਪਿੰਡ ਨੇੜੇ ਲਖਨਊ-ਆਗਰਾ ਐਕਸਪ੍ਰੈੱਸ ਵੇਅ ‘ਤੇ ਵਾਪਰਿਆ। ਹਾਦਸੇ ‘ਚ ਮੌਤਾਂ ਦਾ ਕਹਿਰ ਦੇਖ ਕੇ ਪਿੰਡ ਵਾਸੀ ਵੀ ਸਹਿਮ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ‘ਚ ਜੁਟੀ ਹੋਈ ਹੈ। ਸੀਓ ਬੰਗੜਮਾਊ ਅਰਵਿੰਦ ਚੌਰਸੀਆ ਦੀ ਅਗਵਾਈ ਵਿੱਚ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਬਿਹਾਰ ਦੇ ਸੀਤਾਮੜੀ ਤੋਂ ਦਿੱਲੀ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਮ ਅਤੇ ਐਸਪੀ ਵੀ ਮੌਕੇ ‘ਤੇ ਪਹੁੰਚ ਗਏ।

ਪੁਲਿਸ ਮੁਤਾਬਕ ਹਾਦਸਾ ਬੀਹਟਾ ਮੁਜਾਵਰ ਖੇਤਰ ਦੇ ਅਧੀਨ ਆਗਰਾ-ਲਖਨਊ ਐਕਸਪ੍ਰੈੱਸਵੇਅ ਕਿਲੋਮੀਟਰ ਨੰਬਰ 247 ‘ਤੇ ਸਵੇਰੇ 5.15 ਵਜੇ ਵਾਪਰਿਆ। ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਨੰਬਰ ਯੂਪੀ95 ਟੀ 4720 ਨੇ ਦੁੱਧ ਦੇ ਟੈਂਕਰ ਨੰਬਰ ਯੂਪੀ70 ਸੀਟੀ 3999 ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਬੇਹਟਾ ਮੁਜਾਵਰ ਦੀ ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਸੀ.ਐੱਚ.ਸੀ ਬੰਗੜਮਾਊ ਵਿਖੇ ਦਾਖਲ ਕਰਵਾਇਆ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਸੁਪਰਡੈਂਟ ਸਰ ਉਨਾਓ, ਏਰੀਆ ਅਧਿਕਾਰੀ ਸਰ ਬੰਗਰਮਾਉ ਅਤੇ ਹੋਰ ਥਾਣਿਆਂ ਦੇ ਪੁਲਿਸ ਬਲ ਮੌਕੇ ‘ਤੇ ਮੌਜੂਦ ਹਨ।

ਮ੍ਰਿਤਕਾਂ ਦੀ ਪਛਾਣ  ਦਿਲਸ਼ਾਦ ਪੁੱਤਰ, ਬਿਟੂ ਪੁੱਤਰ ਰਾਜਿੰਦਰ, ਰਜਨੀਸ਼, ਲਾਲਬਾਬੂ ,ਰਾਮਪ੍ਰਵੇਸ਼ ਕੁਮਾਰ, ਭਾਰਤ ਭੂਸ਼ਣ ਕੁਮਾਰ, ਬਾਬੂ ਦਾਸ, ਮੁਹੰਮਦ ਸੱਦਾਮ, ਨਗਮਾ, ਸ਼ਬਾਨਾ ਚਾਂਦਨੀ ਮੁਲਹਾਰੀ, ਮੁਹੰਮਦ ਸ਼ਫੀਕ ,ਮੁੰਨੀ ਖਾਤੂਨ ,ਤੌਫੀਕ ਆਲਮ ਵਜੋਂ ਹੋਈ ਹੈ।

ਸੀਐਮ ਯੋਗੀ ਨੇ ਦੁੱਖ ਪ੍ਰਗਟ ਕੀਤਾ

ਉਨਾਵ ਜ਼ਿਲੇ ‘ਚ ਸੜਕ ਹਾਦਸੇ ‘ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਜ਼ਖਮੀਆਂ ਦੇ ਢੁੱਕਵੇਂ ਇਲਾਜ ਦੇ ਨਿਰਦੇਸ਼ ਦਿੱਤੇ ਹਨ।