ਮੈਕਸੀਕੋ : ਪੱਛਮੀ ਮੈਕਸੀਕੋ ‘ਚ ਇਕ ਬੱਸ ਦੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਮੈਕਸੀਕੋ ਦੇ ਨਾਇਰਿਤ ਰਾਜ ਦੇ ਕੰਪੋਸਟੇਲਾ ਵਿੱਚ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਦੋਂ ਇਹ ਬੱਸ ਸੜਕ ਤੋਂ ਫਿਸਲ ਕੇ ਇੱਕ ਟੋਏ ਵਿੱਚ ਪਲਟ ਗਈ ਤਾਂ ਉਸ ਵੇਲੇ ਇਹ ਇਹ ਗੁਆਏਬਿਟੋਸ ਜਾ ਰਹੀ ਸੀ।
ਨਾਇਰਿਤ ਰਾਜ ਵਿੱਚ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਉੱਥੇ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਟੂਰਿਸਟ ਬੱਸ ਰਾਜ ਦੀ ਰਾਜਧਾਨੀ ਟੇਪਿਕ ਅਤੇ ਪੋਰਟੋ ਵਾਲਾਰਟਾ ਦੇ ਟੂਰਿਸਟ ਰਿਜ਼ੋਰਟ ਨੂੰ ਜੋੜਨ ਵਾਲੇ ਹਾਈਵੇਅ ‘ਤੇ ਸ਼ਨੀਵਾਰ ਰਾਤ ਨੂੰ ਲਗਭਗ 15 ਮੀਟਰ (49.21 ਫੁੱਟ) ਡੂੰਘੀ ਖੱਡ ਵਿੱਚ ਡਿੱਗ ਗਈ।
ਟਵਿੱਟਰ ‘ਤੇ ਸਾਂਝੇ ਕੀਤੇ ਇਕ ਬਿਆਨ ਵਿਚ, ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ‘ਪਹਿਲੇ ਹੀ ਪਲ ਤੋਂ, ਅਸੀਂ ਪੀੜਤਾਂ ਦੇ ਬਚਾਅ ਲਈ ਤੁਰੰਤ ਧਿਆਨ ਦੇਣ ਲਈ ਵੱਖ-ਵੱਖ ਸੰਘੀ ਅਤੇ ਰਾਜ ਅਧਿਕਾਰੀਆਂ ਨਾਲ ਤਾਲਮੇਲ ਨਾਲ ਕੰਮ ਕੀਤਾ ਹੈ।’
ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਸੜਕ ਹਾਦਸੇ ‘ਚ 11 ਔਰਤਾਂ ਅਤੇ 7 ਪੁਰਸ਼ਾਂ ਦੀ ਮੌਤ ਹੋ ਗਈ। ਘੱਟੋ-ਘੱਟ 11 ਨਾਬਾਲਗਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।