Punjab

ਲੁਧਿਆਣਾ ‘ਚ ਪਲਾਸਟਿਕ ਫੈਕਟਰੀ ‘ਚ ਭਿਆਨਕ ਅੱਗ, ਕੱਚਾ ਮਾਲ ਸੜ ਕੇ ਸੁਆਹ

ਲੁਧਿਆਣਾ ਦੇ ਲਾਡੋਵਾਲ ਨੇੜਲੇ ਪਿੰਡ ਫਤਿਹਗੜ੍ਹ ਗੁੱਜਰਾਂ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀ ਸੀ। ਅੱਗ ਲੱਗਣ ਤੋਂ ਤੁਰੰਤ ਬਾਅਦ ਮਜ਼ਦੂਰ ਨੇ ਘਟਨਾ ਦੀ ਸੂਚਨਾ ਮਾਲਕ ਨੂੰ ਦਿੱਤੀ। ਫੈਕਟਰੀ ਮਾਲਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਇਹ ਅੱਗ ਕਰਤਾਰ ਇੰਟਰਪ੍ਰਾਈਜ਼ਜ਼ ਵਿੱਚ ਲੱਗੀ।

ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਲਗਾਤਾਰ ਵਧਦੀ ਗਈ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਖੁਸ਼ਕਿਸਮਤੀ ਰਹੀ ਕਿ ਫੈਕਟਰੀ ਅੰਦਰ ਕੋਈ ਨਹੀਂ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਜ਼ਮੀਨੀ ਮੰਜ਼ਿਲ ਤੋਂ ਸ਼ੁਰੂ ਹੋਈ।

ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਸੁਖਪ੍ਰੀਤ ਨੇ ਦੱਸਿਆ ਕਿ ਉਹ ਕਰੀਬ 8 ਵਜੇ ਫੈਕਟਰੀ ਬੰਦ ਕਰਕੇ ਚਲਾ ਗਿਆ ਸੀ। ਰਾਤ 9 ਵਜੇ ਦੇ ਕਰੀਬ ਉਸ ਨੂੰ ਮਜ਼ਦੂਰ ਵਿਨੋਦ ਦਾ ਫੋਨ ਆਇਆ ਤਾਂ ਉਸ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਜਦੋਂ ਉਹ ਫੈਕਟਰੀ ਪਹੁੰਚਿਆ ਤਾਂ ਲੱਖਾਂ ਰੁਪਏ ਦਾ ਕੱਚਾ ਮਾਲ ਸੁਆਹ ਹੋ ਚੁੱਕਾ ਸੀ। ਉਸ ਨੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਵਧ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੀ ਵਰਤੋਂ ਕੀਤੀ ਗਈ। ਥਾਣਾ ਲਾਡੋਵਾਲ ਦੀ ਪੁਲੀਸ ਵੀ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਪੁਲਿਸ ਨੇ ਵੀ ਬਚਾਅ ਕਾਰਜ ਵਿੱਚ ਸਹਿਯੋਗ ਦਿੱਤਾ। ਅੱਗ ਲੱਗਣ ਕਾਰਨ ਦੇਰ ਰਾਤ ਤੱਕ ਪਿੰਡ ਵਿੱਚ ਹਫੜਾ-ਦਫੜੀ ਮੱਚੀ ਰਹੀ।