Punjab

ਲੁਧਿਆਣਾ-ਜਲੰਧਰ ਹਾਈਵੇਅ ‘ਤੇ ਭਿਆਨਕ ਹਾਦਸਾ, ਲੱਗਿਆ ਲੰਬਾ ਟ੍ਰੈਫਿਕ ਜਾਮ

ਬੁੱਧਵਾਰ ਸਵੇਰੇ 9:30 ਵਜੇ ਦੇ ਕਰੀਬ ਲੁਧਿਆਣਾ ਵਿੱਚ ਜਲੰਧਰ ਰਾਸ਼ਟਰੀ ਰਾਜਮਾਰਗ (NH-44) ਦੇ ਲਾਡੋਵਾਲ ਚੌਕ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਮੋੜ ‘ਤੇ ਮੁੜ ਰਹੀ ਕਾਰ ਨੂੰ ਉਲਟ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰੀ। ਇਸ ਟੱਕਰ ਨਾਲ ਟਰੱਕ ਨੇ ਇੱਕ ਇੰਡੀਅਨ ਆਇਲ ਟੈਂਕਰ ਸਮੇਤ ਚਾਰ ਹੋਰ ਵਾਹਨਾਂ ਨੂੰ ਵੀ ਇੱਕ-ਇੱਕ ਕਰਕੇ ਟੱਕਰ ਮਾਰ ਦਿੱਤੀ। ਕੁੱਲ ਪੰਜ ਵਾਹਨ—ਦੋ ਕਾਰਾਂ ਤੇ ਤਿੰਨ ਟਰੱਕ/ਟੈਂਕਰ—ਆਪਸ ਵਿੱਚ ਟਕਰਾ ਗਏ।

ਚਸ਼ਮਦੀਦ ਰਾਮ ਸਿੰਘ ਅਨੁਸਾਰ, ਕਾਰ ਮੁੜਦੀ ਸੀ ਜਦੋਂ ਟਰੱਕ ਨੇ ਟੱਕਰ ਮਾਰੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਟੱਕਰ ਤੋਂ ਬਾਅਦ ਪਿੱਛੇ ਆ ਰਿਹਾ ਟੈਂਕਰ ਕੰਟਰੋਲ ਗੁਆ ਬੈਠਾ ਤੇ ਸਾਹਮਣੇ ਵਾਲੇ ਟਰੱਕ ਨਾਲ ਟਕਰਾ ਗਿਆ। ਫਿਰ ਇੱਕ ਹੋਰ ਟਰੱਕ ਤੇ ਛੋਟਾ ਵਾਹਨ ਵੀ ਇਸ ਚੇਨ ਵਿੱਚ ਸ਼ਾਮਲ ਹੋ ਗਏ।ਕੋਈ ਗੰਭੀਰ ਜ਼ਖਮੀ ਨਹੀਂ ਹੋਇਆ।

ਪਹਿਲਾਂ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਟੈਂਕਰ ਵਿੱਚ ਤੇਲ ਦਾ ਰਿਸਾਅ ਨਾ ਹੋਣ ਕਾਰਨ ਵੱਡੀ ਤਬਾਹੀ ਟਲ ਗਈ।ਹਾਦਸੇ ਨਾਲ ਹਾਈਵੇਅ ‘ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਨੁਕਸਾਨੇ ਵਾਹਨਾਂ ਨੂੰ ਹਟਾ ਕੇ ਆਵਾਜਾਈ ਮੁੜ ਸੁਚਾਰੂ ਕੀਤੀ।