Jaipur-Delhi Highway Accident : ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਬੁੱਧਵਾਰ ਸਵੇਰੇ ਇਕ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਬੱਸ ਇਕ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ਚਾਲਕ ਸਮੇਤ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਕੋਟਪੁਤਲੀ ਦੇ ਕੰਵਰਪੁਰਾ ਸਟੈਂਡ ਨੇੜੇ ਵਾਪਰਿਆ। ਬੱਸ ਦੀਆਂ 46 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। 17 ਜ਼ਖ਼ਮੀਆਂ ਨੂੰ ਗੰਭੀਰ ਹਾਲਤ ‘ਚ ਜੈਪੁਰ ਰੈਫਰ ਕੀਤਾ ਗਿਆ ਹੈ।
ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ਦੇ ਯਾਤਰੀ ਰਾਧਾਸੁਆਮੀ ਦੇ ਸਤਿਸੰਗ ਵਿਚ ਸ਼ਾਮਲ ਹੋਣ ਲਈ ਅਜਮੇਰ ਤੋਂ ਦਿੱਲੀ ਜਾ ਰਹੇ ਸਨ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5 ਵਜੇ ਕੋਟਪੁਤਲੀ ਦੇ ਕੰਵਰਪੁਰਾ ਸਟੈਂਡ ‘ਤੇ ਵਾਪਰਿਆ। ਕੋਟਪੁਤਲੀ ਥਾਣੇ ਦੇ ਅਧਿਕਾਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਲੀਪਰ ਬੱਸ ਅਜਮੇਰ ਤੋਂ ਨੈਸ਼ਨਲ ਹਾਈਵੇ ‘ਤੇ ਰਵਾਨਾ ਹੋ ਕੇ ਦਿੱਲੀ ਵੱਲ ਜਾ ਰਹੀ ਸੀ। ਇਸ ਦੌਰਾਨ ਕੰਵਰਪੁਰਾ ਸਟੈਂਡ ਨੇੜੇ ਅੱਗੇ ਜਾ ਰਹੇ ਟਰਾਲੇ ਨਾਲ ਟਕਰਾ ਗਈ।
ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਬੀਡੀਐਮ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ, ਏਡੀਐਮ, ਐਸਪੀ ਸਮੇਤ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਹਸਪਤਾਲ ਪੁੱਜੇ।
ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਟਰਾਲੇ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰ ਦਿੱਤੀ ਹੈ। ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ਵਿੱਚ ਕੁੱਲ 49 ਲੋਕ ਸਵਾਰ ਸਨ। ਸਾਰੇ ਯਾਤਰੀ ਅਜਮੇਰ ਅਤੇ ਆਸਪਾਸ ਦੇ ਇਲਾਕਿਆਂ ਤੋਂ ਹਨ।