India

ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਭਿਆਨਕ ਹਾਦਸਾ, ਮੈਡੀਕਲ ਯੂਨੀਵਰਸਿਟੀ ਦੇ 5 ਡਾਕਟਰਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਮੰਗਲਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਸਾਰੇ ਮ੍ਰਿਤਕ ਡਾਕਟਰ ਸਨ, ਜੋ ਸੈਫਈ ਮੈਡੀਕਲ ਕਾਲਜ ਤੋਂ ਪੀ.ਜੀ. ਕਰ ਰਹੇ ਸੀ।

ਜਾਣਕਾਰੀ ਮੁਤਾਬਕ ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਤਿਰਵਾ ਕੋਤਵਾਲੀ ਇਲਾਕੇ ‘ਚ ਵਾਪਰਿਆ। ਇਹ ਸਾਰੇ ਲਖਨਊ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਸੈਫਈ ਪਰਤ ਰਹੇ ਸਨ। ਪੁਲਿਸ ਨੂੰ ਦੁਪਹਿਰ 3.43 ਵਜੇ ਹਾਦਸੇ ਦੀ ਸੂਚਨਾ ਮਿਲੀ।

ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਪੰਜ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ।

ਮ੍ਰਿਤਕਾਂ ਵਿੱਚ ਡਾ: ਅਨਿਰੁਧ ਵਰਮਾ, ਡਾ: ਸੰਤੋਸ਼ ਕੁਮਾਰ ਮੌਰੀਆ, ਡਾ: ਅਰੁਣ ਕੁਮਾਰ, ਡਾ: ਨਰਦੇਵ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹੈ। ਜੈਵੀਰ ਸਿੰਘ ਪੁੱਤਰ ਕਰਨ ਸਿੰਘ ਵਾਸੀ ਬੁੱਢਾ ਵਿਹਾਰ ਮੁਰਾਦਾਬਾਦ ਜ਼ਖਮੀ ਹੋ ਗਿਆ ਹੈ। ਸਾਰੀਆਂ ਲਾਸ਼ਾਂ ਨੂੰ ਮੁਰਦਾਘਰ ‘ਚ ਰਖਵਾਇਆ ਗਿਆ ਹੈ।